- ਕਿਸਾਨਾਂ ਨੂੰ ਬਿਨਾਂ ਕਿਸੇ ਝਿਜਕ ਤੋਂ ਡੀ.ਏ.ਪੀ. ਦੀ ਥਾਂ ਖੇਤੀ ਮਾਹਰਾਂ ਦੀ ਸਲਾਹ ਮੁਤਾਬਕ ਬਦਲਵੀਆਂ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ
ਫ਼ਤਹਿਗੜ੍ਹ ਸਾਹਿਬ, 29 ਨਵੰਬਰ 2024 : ਪਿੰਡ ਲਖਨਪੁਰ ਦੇ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਇਸ ਸਾਲ ਡੀ.ਏ.ਪੀ. ਦੀ ਥਾਂ ਕਣਕ ਦੀ ਫਸਲ ਦੀ ਬਿਜਾਈ ਐਨ.ਪੀ.ਕੇ. 20:20:0:13, ਨਾਲ ਕੀਤੀ ਹੈ ਤੇ ਉਹਨਾਂ ਦੀ ਫ਼ਸਲ ਬਹੁਤ ਵਧੀਆ ਤਰੀਕੇ ਨਾਲ ਵੱਧ ਰਹੀ ਹੈ। ਇਸ ਵਿਚ 20 ਫੀਸਦ ਨਾਈਟ੍ਰੋਜਨ 20 ਫੀਸਦ ਫਾਸਫੋਰਸ ਅਤੇ 13 ਫੀਸਦ ਸਲਫਰ ਮੌਜੂਦ ਹੁੰਦੀ ਹੈ। ਇਸ ਖਾਦ ਦੀ ਉਪਲਬੱਧਤਾ ਸਬੰਧੀ ਕੋਈ ਦਿੱਕਤ ਨਹੀਂ ਹੈ। ਇਸ ਵਿੱਚ ਸਲਫਰ ਤੱਤ ਪਾਇਆ ਜਾਂਦਾ ਹੈ, ਇਸ ਲਈ ਇਸ ਖਾਦ ਦੀ ਵਰਤੋਂ ਕਰਨ ਨਾਲ ਸਰਦੀਆਂ ਵਿੱਚ ਬਾਰਿਸ਼ ਦਾ ਪਾਣੀ ਜਮ੍ਹਾਂ ਹੋਣ 'ਤੇ ਵੀ ਕਣਕ ਪੀਲੀ ਨਹੀਂ ਪੈਂਦੀ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਝਿਜਕ ਤੋਂ ਡੀ.ਏ.ਪੀ. ਦੀ ਥਾਂ ਖੇਤੀ ਮਾਹਰਾਂ ਦੀ ਸਲਾਹ ਮੁਤਾਬਕ ਬਦਲਵੀਆਂ ਖਾਦਾਂ ਦੀ ਵਰਤੋਂ ਕਰਨ। ਇਸ ਤੋਂ ਇਲਾਵਾ ਮੁੱਖ ਖੇਤੀਬਾੜੀ ਅਫ਼ਸਰ, ਫ਼ਤਹਿਗੜ੍ਹ ਸਾਹਿਬ, ਸ. ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੇ ਕਣਕ ਦੀ ਫ਼ਸਲ ਲਈ ਡੀ.ਏ.ਪੀ. ਦੇ ਬਦਲ ਵਜੋਂ ਹੋਰ ਫਾਸਫੋਰਸ ਤੱਤਾਂ ਵਾਲੀਆਂ ਖਾਦਾਂ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਣ ਦਾ ਸੁਝਾਅ ਦਿੱਤਾ ਹੈ। ਮੌਜੂਦਾ ਸਮੇਂ ਡੀ.ਏ.ਪੀ. ਖਾਦ ਦੇ ਕਈ ਬਦਲ ਹਨ, ਜਿਨ੍ਹਾਂ ਨੂੰ ਫਾਸਫੋਰਸ ਤੱਤ ਦੇ ਬਦਲਵੇਂ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ। ਜ਼ਿਲ੍ਹੇ ਦੇ ਬਹੁਤ ਸਾਰੇ ਕਿਸਾਨਾਂ ਨੇ ਇਸ ਸਾਲ ਡੀ.ਏ.ਪੀ. ਦੀ ਥਾਂ ਐਨ.ਪੀ.ਕੇ.(12:32:16), ਸਿੰਗਲ ਸੁਪਰ ਫਾਸਫੇਟ ਤੇ ਟ੍ਰਿਪਲਸੁਪਰ ਫਾਸਫੇਟ ਅਤੇ ਡੀ.ਏ.ਪੀ. ਦੇ ਹੋਰ ਬਦਲਾਂ ਨਾਲ ਕਣਕ ਦੀ ਬਿਜਾਈ ਕੀਤੀ ਹੈ ਤੇ ਕਾਫੀ ਕਿਸਾਨਾਂ ਨੇ ਪਿਛਲੇ ਸਾਲ ਵੀ ਕਣਕ ਦੀ ਬਿਜਾਈ ਕਰਨ ਮੌਕੇ ਡੀ.ਏ.ਪੀ. ਖਾਦ ਦੀ ਥਾਂ ਬਦਲਵੀਆਂ ਖਾਦਾਂ ਦੀ ਵਰਤੋਂ ਕੀਤੀ ਸੀ, ਜਿਸ ਨਾਲ ਕਣਕ ਦੀ ਚੰਗੀ ਫਸਲ ਹੋਈ ਅਤੇ ਝਾੜ ਵੀ ਵਧੀਆ ਮਿਲਿਆ ਸੀ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਭੂਮੀ ਵਿਗਿਆਨੀਆਂ ਨੇ ਕਣਕ ਦੀ ਫ਼ਸਲ ਲਈ ਡੀ.ਏ.ਪੀ. ਦੇ ਬਦਲ ਵਜੋਂ ਫਾਸਫੋਰਸ ਤੱਤਾਂ ਵਾਲੀਆਂ ਹੋਰ ਖਾਦਾਂ ਨੂੰ ਬਦਲਵੇਂ ਸਰੋਤਾਂ ਵਜੋਂ ਵਰਤਣ ਦਾ ਸੁਝਾਅ ਦਿੱਤਾ ਹੋਇਆ ਹੈ। ਮੌਜੂਦਾ ਸਮੇਂ ਡੀ.ਏ.ਪੀ. ਖਾਦ ਦੇ ਕਈ ਬਦਲ ਹਨ, ਜਿਨ੍ਹਾਂ ਨੂੰ ਫਾਸਫੋਰਸ ਤੱਤ ਦੇ ਬਦਲਵੇਂ ਸਰੋਤ ਵਜੋਂ ਵਰਤਿਆ ਜਾ ਸਕਦਾ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਡੀ.ਏ.ਪੀ. ਵਿਚ 46 ਫ਼ੀਸਦੀ ਫਾਸਫੋਰਸ ਅਤੇ 18 ਫ਼ੀਸਦੀ ਨਾਈਟ੍ਰੋਜਨ ਹੁੰਦੀ ਹੈ। ਇਕ ਹੋਰ ਖਾਦ ਐਨ.ਪੀ.ਕੇ. (12:32:16) ਵਿੱਚ 32 ਫ਼ੀਸਦੀ ਫਾਸਫੋਰਸ ਅਤੇ 12 ਫ਼ੀਸਦੀ ਨਾਈਟ੍ਰੋਜਨ ਦੇ ਨਾਲ ਨਾਲ 16 ਫ਼ੀਸਦੀ ਪੋਟਾਸ਼ੀਅਮ ਦੀ ਮਾਤਰਾ ਪਾਈ ਜਾਂਦੀ ਹੈ। ਇਕ ਬੋਰਾ ਡੀ.ਏ.ਪੀ. ਪਿੱਛੇ ਡੇਢ ਬੋਰਾ ਐਨ.ਪੀ.ਕੇ. (12:32:16) ਦੀ ਵਰਤੋਂ ਕੀਤੀ ਜਾ ਸਕਦੀ ਹੈ। ਡੀ.ਏ.ਪੀ. ਦੇ ਬਦਲ ਵਜੋਂ ਸਿੰਗਲ ਸੁਪਰ ਫਾਸਫੇਟ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਸਿੰਗਲ ਸੁਪਰਫਾਸਫੇਟ ਵਿਚ 16 ਫ਼ੀਸਦੀ ਫਾਸਫੋਰਸ ਤੱਤ ਮਿਲਦਾ ਹੈ ਅਤੇ ਇਸ ਦੀਆਂ ਤਿੰਨ ਬੋਰਿਆਂ ਨਾਲ ਫਾਸਫੋਰਸ ਤੱਤ ਦੀ ਪੂਰਤੀ ਤੋਂ ਬਿਨਾਂ 18 ਕਿੱਲੋ ਗੰਧਕ ਵੀ ਕਣਕ ਦੀ ਫ਼ਸਲ ਨੂੰ ਮਿਲ ਸਕਦੀ ਹੈ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਕਿ ਟ੍ਰਿਪਲ ਸੁਪਰ ਫਾਸਫੇਟ ਨੂੰ ਨਵੀਂ ਖਾਦ ਵਜੋਂ ਵਰਤਿਆ ਜਾ ਸਕਦਾ ਹੈ। ਇਸ ਵਿਚ ਡੀ.ਏ.ਪੀ. ਦੇ ਬਰਾਬਰ 46 ਫ਼ੀਸਦੀ ਫਾਸਫੋਰਸ ਤੱਤ ਦੀ ਮਾਤਰਾ ਮਿਲਦੀ ਹੈ। ਹੋਰ ਬਦਲਾਂ ਵਿੱਚ ਐਨ.ਪੀ.ਕੇ. (10:26:26) ਜਾਂ ਹੋਰ ਖਾਦਾਂ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਜੇਕਰ ਫਾਸਫੋਰਸ ਤੱਤ ਲਈ ਸਿੰਗਲ ਸੁਪਰ ਫਾਸਫੇਟ ਜਾਂ ਟ੍ਰਿਪਲ ਸੁਪਰ ਫਾਸਫੇਟ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਬਿਜਾਈ ਵੇਲੇ 20 ਕਿੱਲੋ ਯੂਰੀਆ ਪ੍ਰਤੀ ਏਕੜ ਪੈਂਦਾ ਹੈ। ਜੇਕਰ ਝੋਨਾ-ਕਣਕ ਫ਼ਸਲੀ ਚੱਕਰ ਵਿਚ ਝੋਨੇ ਦੀ ਫ਼ਸਲ ਵਿੱਚ ਪੋਲਟਰੀ ਖਾਦ (2.5 ਟਨ /ਏਕੜ) ਜਾਂ ਸੁੱਕੀ ਹੋਈ ਗੋਬਰ ਗੈਸ ਪਲਾਂਟ ਦੀ ਸਲਰੀ (2.5 ਟਨ /ਏਕੜ) ਨੂੰ ਆਖ਼ਰੀ ਵਾਹੀ ਤੋਂ ਪਹਿਲਾਂ ਪਾਇਆ ਜਾਂਦਾ ਹੈ ਤਾਂ ਫਾਸਫੋਰਸ ਦੀ ਵਰਤੋਂ ਨੂੰ ਅੱਧਾ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਖਾਦ ਦੀ ਮਾਤਰਾ (1 ਕਿੱਲੋ ਫਾਸਫੋਰਸ ਪ੍ਰਤੀ ਟਨ) ਚੰਗੀ ਤਰ੍ਹਾਂ ਸੜੀ ਹੋਈ ਖਾਦ ਨਾਲ ਘਟਾਈ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਝੋਨੇ ਦੀ ਪਰਾਲੀ ਲਗਾਤਾਰ ਵਾਹੁਣ ਤੋਂ ਬਾਅਦ ਮਿੱਟੀ ਦੀ ਜੈਵਿਕ ਕਾਰਬਨ ਮਾਤਰਾ ਉੱਚ ਸ਼੍ਰੇਣੀ ਵਿਚ ਆਉਂਦੀ ਹੈ, ਉਹਨਾਂ ਵਿੱਚ ਫਾਸਫੋਰਸ ਵਾਲੀ ਖਾਦ ਨੂੰ 50 ਫ਼ੀਸਦੀ ਤੱਕ ਘਟਾਇਆ ਜਾ ਸਕਦਾ ਹੈ।