ਫਰੀਦਕੋਟ 24 ਅਗਸਤ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਖੇਤਰੀ ਖੋਜ ਕੇਂਦਰ, ਫਰੀਦਕੋਟ ਵੱਲੋਂ ਭਾਰਤੀ ਕਪਾਹ ਨਿਗਮ (ਸੀ.ਸੀ.ਆਈ.) ਦੇ ਸਹਿਯੋਗ ਨਾਲ ਕਪਾਹ ਦੀ ਚੰਗੀ ਖੇਤੀ ਬਾਰੇ ਪਿੰਡ ਖਾਰਾ, ਜ਼ਿਲ੍ਹਾ-ਫਰੀਦਕੋਟ ਵਿਖੇ ਇੱਕ ਕਿਸਾਨ ਫੀਲਡ ਸਕੂਲ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 75 ਤੋਂ ਵੱਧ ਕਪਾਹ ਕਿਸਾਨਾਂ ਨੇ ਕਪਾਹ ਦੀ ਫਸਲ ਦੀ ਕਾਸ਼ਤ ਵਿੱਚ ਮੌਜੂਦਾ ਮੁੱਦਿਆਂ ਅਤੇ ਚੁਣੌਤੀਆਂ ਦੇ ਪ੍ਰਭਾਵਸ਼ਾਲੀ ਪ੍ਰਬੰਧਨ ਬਾਰੇ ਜਾਣਨ ਲਈ ਭਾਗ ਲਿਆ। ਇਸ ਕਿਸਾਨ ਫੀਲਡ ਸਕੂਲ ਵਿੱਚ ਕਪਾਹ ਦੀ ਖੇਤੀ ਨਾਲ ਸਬੰਧਤ ਵੱਖ-ਵੱਖ ਵਿਸ਼ਿਆਂ ’ਤੇ ਮਾਹਿਰਾਂ ਵੱਲੋਂ ਲੈਕਚਰ ਦਿੱਤੇ ਗਏ। ਇਸ ਮੌਕੇ ਡਾ: ਸੁਧੀਰ ਕੁਮਾਰ ਮਿਸ਼ਰਾ, ਖੇਤੀ ਮੌਸਮ ਵਿਗਿਆਨੀ ਨੇ ਖੇਤੀਬਾੜੀ, ਬਾਗਬਾਨੀ ਅਤੇ ਪਸ਼ੂ-ਪਾਲਣ ਦੀ ਮੌਸਮ ਅਧਾਰਤ ਯੋਜਨਾਬੰਦੀ ਅਤੇ ਪ੍ਰਬੰਧਨ ਵਿੱਚ ਖੇਤੀ ਮੌਸਮ ਸੰਬੰਧੀ ਸਲਾਹਕਾਰ ਸੇਵਾਵਾਂ ਦੀ ਵਰਤੋਂ ਕਰਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਕਿਸਾਨਾਂ ਨੇ ਸਵੀਕਾਰ ਕੀਤਾ ਕਿ ਇਹ ਜਾਣਕਾਰੀ ਉਨ੍ਹਾਂ ਨੂੰ ਸੂਝਵਾਨ ਫੈਸਲੇ ਲੈਣ ਵਿੱਚ ਬਹੁਤ ਮਦਦ ਕਰ ਸਕਦੀ ਹੈ ਜੋ ਫਸਲ ਦੇ ਝਾੜ ਅਤੇ ਬਿਹਤਰ ਲਾਭ 'ਤੇ ਸਕਾਰਾਤਮਕ ਪ੍ਰਭਾਵ ਪਾਵੇਗੀ। ਡਾ: ਕੁਲਵੀਰ ਸਿੰਘ, ਪ੍ਰਿੰਸੀਪਲ ਖੇਤੀ ਵਿਗਿਆਨੀ ਨੇ ਕਪਾਹ ਦੀ ਕਾਸ਼ਤ ਵਿੱਚ ਸਹੀ ਪੋਸ਼ਣ ਪ੍ਰਬੰਧਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 2% ਪੋਟਾਸ਼ੀਅਮ ਨਾਈਟ੍ਰੇਟ (13-0-45) ਦੀਆਂ ਘੱਟੋ-ਘੱਟ ਚਾਰ ਸਪਰੇਆਂ 7-10 ਦਿਨਾਂ ਦੇ ਅੰਤਰਾਲ 'ਤੇ ਕਰਨ ਅਤੇ 1% ਮੈਗਨੀਸ਼ੀਅਮ ਸਲਫੇਟ ਦੀਆਂ ਦੋ ਸਪਰੇਆਂ 15 ਦਿਨਾਂ ਦੇ ਵਕਫ਼ੇ 'ਤੇ ਕਰਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਕਿਹਾ ਕਿ ਇਹ ਉਪਾਅ ਫਸਲਾਂ ਦੇ ਅਚਨਚੇਤੀ ਵਿਗਾੜ ਨੂੰ ਰੋਕਣ ਅਤੇ ਚੰਗੇ ਉਤਪਾਦਨ ਨੂੰ ਯਕੀਨੀ ਬਣਾਉਣ ਵਿੱਚ ਮਦਦ ਕਰਨਗੇ। ਕਪਾਹ-ਕੀਟ ਵਿਗਿਆਨੀ ਡਾ: ਸਤਨਾਮ ਸਿੰਘ ਨੇ ਕਪਾਹ ਵਿੱਚ ਕੀੜੇ-ਮਕੌੜਿਆਂ ਦੇ ਪ੍ਰਬੰਧਨ ਲਈ ਕੀਟਨਾਸ਼ਕਾਂ ਦੀ ਸਹੀ ਵਰਤੋਂ ਬਾਰੇ ਚਰਚਾ ਕੀਤੀ । ਉਹਨਾ ਨੇ ਅਗਸਤ ਵਿੱਚ, ਗੁਲਾਬੀ ਸੁੰਡੀ ਦੇ ਪ੍ਰਬੰਧਨ ਲਈ 500 ਮਿਲੀਲੀਟਰ ਪ੍ਰੋਫੇਨੋਫੋਸ, 40 ਮਿਲੀਲੀਟਰ ਫੇਮ ਜਾਂ 200 ਗ੍ਰਾਮ ਅਵੰਤ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ। ਸਤੰਬਰ ਮਹੀਨੇ ਦੌਰਾਨ 120 ਦਿਨ ਪੁਰਾਣੀ ਫ਼ਸਲ ਵਿੱਚ ਗੁਲਾਬੀ ਸੁੰਡੀ ਦੇ ਨਿਯੰਤਰਣ ਲਈ, ਸਿੰਥੈਟਿਕ ਪਾਈਰੇਥਰੋਇਡਜ਼ ਜਿਵੇਂ ਕਿ 300 ਮਿਲੀਲੀਟਰ ਡੈਨੀਟੋਲ, 160 ਮਿਲੀਲੀਟਰ ਡੇਸਿਸ ਜਾਂ 200 ਮਿਲੀਲੀਟਰ ਸਾਈਪਰਮੇਥਰਿਨ 10 ਈਸੀ ਵਰਤਣ ਦੀ ਸਿਫ਼ਾਰਸ਼ ਕੀਤੀ। ਭਾਰਤੀ ਕਪਾਹ ਨਿਗਮ ਦੇ ਡਾ: ਗੁਰਵੀਰ ਸਿੰਘ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਅਤੇ ਸਿਫਾਰਸ਼ਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਅਨੁਸਾਰ, ਅਗਸਤ ਅਤੇ ਸਤੰਬਰ ਵਿੱਚ 8-10 ਦਿਨਾਂ ਦੇ ਵਕਫੇ ਨਾਲ ਕੀਟਨਾਸ਼ਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਤੇ, 80 ਗ੍ਰਾਮ ਉਲਾਲਾ ਜਾਂ 60 ਗ੍ਰਾਮ ਓਸ਼ੀਨ ਦੀ ਵਰਤੋਂ ਕਰਦੇ ਹੋਏ ਚਿੱਟੀ ਮੱਖੀ ਦੇ ਨਿਯੰਤਰਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਜਦੋਂ ਚਿੱਟੀ ਮੱਖੀ ਦੀ ਆਬਾਦੀ ਈ.ਟੀ.ਐਲ (ਆਰਥਿਕ ਥ੍ਰੈਸ਼ਹੋਲਡ ਪੱਧਰ) ਦੇ ਨੇੜੇ ਹੁੰਦੀ ਹੈ। ਚਿੱਟੀ ਮੱਖੀ ਦੀ ਵਧੇਰੇ ਆਬਾਦੀ ਲਈ, ਇੱਕ ਪ੍ਰਭਾਵਸ਼ਾਲੀ ਨਿਯੰਤਰਣ ਵਜੋਂ 200 ਗ੍ਰਾਮ ਪੋਲੋ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ। ਇਸ ਤੋਂ ਬਾਅਦ, ਪਿੰਡ ਖਾਰਾ ਦੇ ਕਿਸਾਨਾਂ ਨੇ ਕਿਹਾ ਕਿ ਕਿਸਾਨ ਫੀਲਡ ਸਕੂਲ ਇੱਕ ਸ਼ਲਾਘਾਯੋਗ ਉਪਰਾਲਾ ਹੈ ਜਿਸ ਨੇ ਨਰਮੇ ਦੇ ਕਿਸਾਨਾਂ ਨੂੰ ਵਧੀਆ ਖੇਤੀ ਤਰੀਕਿਆਂ ਬਾਰੇ ਵੱਡਮੁੱਲੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹਨਾਂ ਲੈਕਚਰਾਂ ਤੋਂ ਪ੍ਰਾਪਤ ਜਾਣਕਾਰਈਆਂ ਨੂੰ ਲਾਗੂ ਕਰਕੇ ਕਿਸਾਨ ਆਪਣੀ ਫਸਲ ਦੀ ਸਿਹਤ ਅਤੇ ਉਤਪਾਦਕਤਾ ਵਿੱਚ ਸੁਧਾਰ ਕਰ ਸਕਦੇ ਹਨ, ਜਿਸ ਨਾਲ ਵਧੀਆ ਝਾੜ ਅਤੇ ਵੱਧ ਮੁਨਾਫਾ ਹੋ ਸਕਦਾ ਹੈ।