ਪਰਾਲੀ ਪ੍ਰਬੰਧਨ ਤਹਿਤ ਮਸ਼ੀਨਰੀ ਦੀ ਵਰਤੋਂ 'ਤੇ ਜਾ ਰਿਹਾ ਜ਼ੋਰ: ਡਿਪਟੀ ਕਮਿਸ਼ਨਰ

  • ਕਿਸਾਨਾਂ ਨੂੰ ਪਰਾਲੀ ਨਾ ਸਾੜਨ ਅਤੇ ਮਸ਼ੀਨਰੀ ਦੀ ਵਰਤੋਂ ਦੀ ਅਪੀਲ
  • ਡਿਪਟੀ ਕਮਿਸ਼ਨਰ ਵਲੋਂ 15 ਪਿੰਡਾਂ ਦੇ ਵਾਸੀਆਂ ਨਾਲ ਲੜੀਵਾਰ ਮੀਟਿੰਗਾਂ

ਬਰਨਾਲਾ, 18 ਅਕਤੂਬਰ 2024 : ਜ਼ਿਲ੍ਹਾ ਬਰਨਾਲਾ ਵਿੱਚ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦੀ ਅਗਵਾਈ ਹੇਠ ਪਰਾਲੀ ਪ੍ਰਬੰਧਨ ਮੁਹਿੰਮ ਵਿਆਪਕ ਪੱਧਰ 'ਤੇ ਜਾਰੀ ਹੈ। ਇਸ ਲੜੀ ਤਹਿਤ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਵਲੋਂ ਅੱਜ ਪਿੰਡ ਕਰਮਗੜ੍ਹ, ਝਲੂਰ, ਚੰਨਣਵਾਲ, ਬਖਤਗੜ੍ਹ, ਰਾਏਸਰ ਪੰਜਾਬ, ਚੁਹਾਣਕੇ ਕਲਾਂ, ਹਮੀਦੀ, ਧਨੇਰ, ਮੂੰਮ, ਭੈਣੀ ਜੱਸਾ, ਰਾਜੀਆ, ਤਾਜੋਕੇ, ਬੀਹਲਾ, ਸੱਦੋਵਾਲ, ਗਹਿਲ ਦੇ ਮੋਹਤਬਰਾਂ, ਕਿਸਾਨਾਂ, ਸਹਿਕਾਰੀ ਸਭਾਵਾਂ, ਆਂਗਣਵਾੜੀ ਵਰਕਰਾਂ ਤੇ ਹੋਰ ਧਿਰਾਂ ਨਾਲ ਮੀਟਿੰਗ ਕੀਤੀਆਂ ਗਈਆਂ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿੱਚ ਵਾਤਵਰਣ ਦੀ ਸੰਭਾਲ ਲਈ ਪਰਾਲੀ ਪ੍ਰਬੰਧਨ ਲਈ ਪਿਛਲੇ ਛੇ ਮਹੀਨਿਆਂ ਤੋਂ ਤਿਆਰੀ ਵਿੱਢੀ ਗਈ ਹੈ ਅਤੇ ਸਹਿਕਾਰੀ ਸਭਾਵਾਂ ਅਤੇ ਕਿਸਾਨਾਂ ਨੂੰ ਢੁਕਵੀਂ ਮਸ਼ੀਨਰੀ ਦਿਵਾਈ ਗਈ ਹੈ ਤਾਂ ਜੋ ਪਿੰਡਾਂ ਵਿਚ ਮਸ਼ੀਨਰੀ ਦੀ ਘਾਟ ਨਾ ਆਵੇ, ਜਿਸ ਨਾਲ ਪਰਾਲੀ ਨੂੰ ਜ਼ਮੀਨ ਵਿਚ ਰਲਾ ਕੇ ਨਿਬੇੜਾ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਕਿਸਾਨਾਂ ਨੂੰ ਸਬਸਿਡੀ ਵਾਲੇ ਸੰਦਾਂ ਦੀ ਸਹੂਲਤ ਮਿਲੀ ਹੈ, ਉਹ ਆਪਣੇ ਪਿੰਡ ਵਿੱਚ ਵੱਧ ਤੋਂ ਵੱਧ ਰਕਬਾ ਕਵਰ ਕਰਨ ਅਤੇ ਕਿਸਾਨਾਂ ਨਾਲ ਮਸ਼ੀਨਰੀ ਸਾਂਝੀ ਕਰਨ। ਉਨ੍ਹਾਂ ਕਿਹਾ ਕਿ ਸਾਰੇ ਪਿੰਡਾਂ ਵਿੱਚ ਪਿੰਡ ਪੱਧਰੀ ਕਮੇਟੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਵਿਚ ਪਿੰਡ ਦੇ ਮੋਹਤਬਰ,  ਨੌਜਵਾਨ, ਨਰੇਗਾ ਵਰਕਰ, ਆਂਗਣਵਾੜੀ ਤੇ ਹੋਰ ਵਾਸੀ ਸ਼ਾਮਲ ਹਨ। ਇਸ ਤੋਂ ਇਲਾਵਾ ਜ਼ਿਲ੍ਹਾ ਪੱਧਰ ਦੇ ਅਫ਼ਸਰ ਪਿੰਡਾਂ ਵਿੱਚ ਮੁਹਿੰਮ ਦੀ ਨਿਗਰਾਨੀ ਲਈ ਤਾਇਨਾਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਵਿੱਚ ਮਸ਼ੀਨਰੀ ਵਾਲੇ ਕਿਸਾਨਾਂ ਦੀਆਂ ਸੂਚੀਆਂ ਚਸਪਾਂ ਕਰਨ ਦੇ ਨਿਰਦੇਸ਼ ਦਿੱਤੇ ਹਨ ਤਾਂ ਜੋ ਕਿਸਾਨਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਲਤੀਫ਼ ਅਹਿਮਦ ਨੇ ਕਿਹਾ ਕਿ ਪਰਾਲੀ ਸਾੜਨ ਨਾਲ ਜਿੱਥੇ ਆਲਾ ਦੁਆਲਾ ਪਲੀਤ ਹੁੰਦਾ ਹੈ, ਓਥੇ ਧੂਏਂ ਨਾਲ ਮਨੁੱਖੀ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ ਖਾਸ ਕਰਕੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਿਹਤ ਸਬੰਧੀ ਦਿੱਕਤਾਂ ਪੇਸ਼ ਆਉਂਦੀਆਂ ਹਨ। ਪਰਾਲੀ ਸਾੜਨ ਨਾਲ ਜ਼ਮੀਨ ਦੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ, ਇਸ ਤੋਂ ਇਲਾਵਾ ਪੰਛੀਆਂ ਅਤੇ ਜੀਵਾਂ ਦਾ ਵੀ ਨੁਕਸਾਨ ਹੁੰਦਾ ਹੈ। ਇਸ ਮੌਕੇ ਉਨ੍ਹਾਂ ਸਾਰੇ ਪਿੰਡਾਂ ਦੇ ਮੋਹਤਬਰਾਂ, ਅਗਾਂਹਵਧੂ ਕਿਸਾਨਾਂ, ਨੌਜਵਾਨਾਂ, ਕਿਸਾਨਾਂ ਨੂੰ ਮੁਹਿੰਮ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ।