- ਵਿਧਾਇਕ ਅਤੇ ਡਿਪਟੀ ਕਮਿਸ਼ਨਰ ਨੇ ਵੰਡਿਆਂ ਖੇਡਾਂ ਦਾ ਸਮਾਨ
ਫਾਜਿ਼ਲਕਾ, 21 ਅਗਸਤ : ਫਾਜਿ਼ਲਕਾ ਦੇ ਸਰਹੱਦੀ ਪਿੰਡਾਂ ਵਿਚ ਹੜ੍ਹ ਕਾਰਨ ਰਾਹਤ ਕੇਂਦਰਾਂ ਵਿਚ ਪਹੁੰਚੇ ਪਰਿਵਾਰਾਂ ਦੇ ਬੱਚਿਆਂ ਨੂੰ ਤਨਾਅ ਮੁਕਤ ਰੱਖਣ ਲਈ ਜਿ਼ਲ੍ਹਾ ਪ੍ਰਸ਼ਾਸਨ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਅੱਜ ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਅਤੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਹਸਤਾਂ ਕਲਾਂ ਦੇ ਰਾਹਤ ਕੈਂਪ ਵਿਚ ਪਹੁੰਚ ਕੇ ਇੰਨ੍ਹਾਂ ਬੱਚਿਆਂ ਨੂੰ ਇਨਡੋਰ ਖੇਡਾਂ ਦਾ ਸਮਾਨ ਦਿੱਤਾ ਅਤੇ ਨਾਲ ਹੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਨਾਲ ਦੇ ਸਰਕਾਰੀ ਪ੍ਰਾਈਮਰੀ ਸਕੂਲ ਵਿਚ ਪੜ੍ਹਨ ਲਈ ਵੀ ਭੇਜਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਲ ਮਨਾਂ ਤੇ ਇਸ ਤਰਾਂ ਦੇ ਹਾਲਾਤ ਨਾਲ ਮਾੜਾ ਅਸਰ ਪੈ ਸਕਦਾ ਹੈ ਇਸ ਲਈ ਨਵੇਂ ਥਾਂ ਤੇ ਉਨ੍ਹਾਂ ਦਾ ਦਿਲ ਲਗਾਉਣ ਅਤੇ ਉਨ੍ਹਾਂ ਨੂੰ ਵੱਖ ਵੱਖ ਗਤੀਵਿਧੀਆਂ ਨਾਲ ਜ਼ੋੜਨ ਲਈ ਇਨਡੋਰ ਖੇਡਾਂ ਦਾ ਸਮਾਨ ਜਿਵੇਂ ਲੁਡੋ ਅਤੇ ਕੈਰਮਬੋਰਡ ਆਦਿ ਇੱਥੇ ਬੱਚਿਆਂ ਨੂੰ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਇੱਥੇ ਰਹਿ ਰਹੇ ਪਰਿਵਾਰਾਂ ਨਾਲ ਗੱਲਬਾਤ ਕੀਤੀ ਅਤੇ ਖਾਸ ਕਰਕੇ ਔਰਤਾਂ ਨਾਲ ਗੱਲ ਕਰਕੇ ਉਨ੍ਹਾਂ ਤੋਂ ਇੱਥੇ ਮਿਲ ਰਹੀ ਸਹੁਲਤ ਦੀ ਜਾਣਕਾਰੀ ਲਈ। ਉਨ੍ਹਾਂ ਨੇ ਕਿਹਾ ਕਿ ਜਿਵੇਂ ਹੀ ਪਾਣੀ ਘਟੇਗਾ ਇਹ ਲੋਕ ਵਾਪਿਸ ਆਪਣੇ ਘਰਾਂ ਤੱਕ ਪਹੁੰਚ ਸਕਣਗੇ। ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਇੱਥੇ ਲੋਕਾਂ ਨਾਲ ਗਲੱਬਾਤ ਕੀਤੀ ਅਤੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਲੋਕਾਂ ਦੇ ਨਾਲ ਹੈ। ਉਨ੍ਹਾਂ ਨੇ ਲੋਕਾਂ ਨੂੰ ਕਿਹਾ ਜਿੰਨ੍ਹਾਂ ਦੇ ਵੀ ਮਕਾਨਾਂ ਦਾ ਨੁਕਸਾਨ ਹੋਇਆ ਹੈ ਜਾਂ ਡਿੱਗੇ ਹਨ ਉਨ੍ਹਾਂ ਦਾ ਪੂਰਾ ਮੁਆਵਜਾ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਵੇਗਾ। ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਮੌਕੇ ਕਿਹਾ ਕਿ ਲੋਕ ਕਿਸੇ ਘਬਰਾਹਟ ਵਿਚ ਨਾ ਆਉਣ, ਪ੍ਰਸ਼ਾਸਨ ਵੱਲੋਂ ਸਭ ਦੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ੇਕਰ ਕੋਈ ਲੋਕ ਪਿੱਛੇ ਹਾਲੇ ਵੀ ਘਰਾਂ ਵਿਚ ਹਨ ਅਤੇ ਉਹ ਬਾਹਰ ਆਉਣਾ ਚਾਹੁੰਦੇ ਹਨ ਤਾਂ ਉਹ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਤਾਂ ਕਿਸਤੀ ਰਾਹੀਂ ਉਨ੍ਹਾਂ ਨੂੰ ਬਾਹਰ ਲਿਆਂਦਾ ਜਾਵੇਗਾ ਅਤੇ ਲੋਕ ਆਪਣੇ ਆਪ ਬਾਹਰ ਆਉਣ ਦੀ ਕੋਸਿ਼ਸ ਨਾ ਕਰਨ। ਇਸ ਮੌਕੇ ਨਾਇਬ ਤਹਿਸੀਲਦਾਰ ਸ੍ਰੀ ਅਵਿਨਾਸ਼ ਚੰਦਰ, ਬੀਡੀਪੀਓ ਪਿਆਰ ਸਿੰਘ ਅਤੇ ਹੋਰ ਅਧਿਕਾਰੀ ਹਾਜਰ ਸਨ।