- ਯੂਨੀਵਰਸਿਟੀ ਆਫ਼ ਲਾਅਜ਼, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ, ਲੁਧਿਆਣਾ ਵੱਲੋਂ ਸੈਮੀਨਾਰ ਆਯੋਜਿਤ
ਲੁਧਿਆਣਾ, 28 ਫਰਵਰੀ : ਯੂਨੀਵਰਸਿਟੀ ਆਫ਼ ਲਾਅਜ਼, ਪੰਜਾਬ ਯੂਨੀਵਰਸਿਟੀ ਖੇਤਰੀ ਕੇਂਦਰ, ਲੁਧਿਆਣਾ ਵੱਲੋਂ ਜੀ-20 ਦੇ ਥੀਮ ਤੇ ਕਰਮਚਾਰੀਆਂ ਵਿੱਚ ਲਿੰਗ ਅਧਾਰਤ ਅੰਤਰ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਵਿੱਚ ਆਪਣੇ ਵਿਚਾਰ ਰੱਖਣ ਲਈ ਵਿਸ਼ੇਸ਼ ਤੌਰ ਤੇ ਸਹਾਇਕ ਕਮਿਸ਼ਨਰ (ਜ) ਲੁਧਿਆਣਾ ਅਪਰਣਾ ਐਮ.ਬੀ (ਅੰਡਰ ਟ੍ਰੇਨਿੰਗ ਆਈ.ਏ.ਐਸ) ਨੇ ਸ਼ਮੂਲੀਅਤ ਕੀਤੀ। ਅਪਰਣਾ ਨੇ ਲਾਅ ਦੇ ਵਿਦਿਆਰਥੀਆਂ ਨੂੰ ਸੈਮੀਨਾਰ ਵਿੱਚ ਸੰਬੋਧਨ ਕਰਦਿਆਂ ਕਰਮਚਾਰੀਆਂ ਦੇ ਲੈਂਸ ਰਾਹੀਂ ਲਿੰਗ ਅਸਮਾਨਤਾ ਬਾਰੇ ਵਿਸਥਾਰ ਨਾਲ ਆਪਣੇ ਵਿਚਾਰ ਪੇਸ਼ ਕੀਤੇ। ਉਹਨਾਂ ਨੇ ਉਦੱਮੀਆਂ ਸਮੇਤ ਮਾਰਕੀਟ ਨੀਤੀਆਂ ਬਾਰੇ ਅਤੇ ਲੇਬਰ ਮਾਰਕੀਟ ਵਿੱਚ ਅੰਤਰ ਨੂੰ ਕਿਵੇ ਭਰਿਆ ਜਾ ਸਕਦਾ ਹੈ ਸਬੰਧੀ ਵੀ ਚਾਨਣਾ ਪਾਇਆ। ਉਹਨਾਂ ਨੇ ਕੁਝ ਟੇਕਅਵੇਜ਼ ਦਾ ਹਵਾਲਾ ਦਿੱਤਾ ਅਤੇ ਕਾਨੂੰਨ ਦੇ ਮਾਹਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਕਿਸ ਤਰ੍ਹਾਂ ਦੂਰੀਆਂ ਘੱਟ ਕਰਕੇ ਕਿਵੇ ਆਪਣਾ ਸਮਾਜ ਦੀ ਬਿਹਤਰੀ ਲਈ ਯੋਗਦਾਨ ਪਾ ਸਕਦੇ ਹਨ। ਉਹਨਾਂ ਨੇ ਵਿਦਿਆਰਥੀਆਂ ਦੇ ਨਾਲ ਸਿੱਧੇ ਤੌਰ ਤੇ ਸਵਾਲ-ਜਵਾਬ ਅਤੇ ਵਿਚਾਰ ਵਿਟਾਦਰਾਂ ਵੀ ਕੀਤਾ। ਅਪਰਣਾ ਅੰਡਰ ਟ੍ਰੇਨਿੰਗ ਆਈ.ਏ.ਐਸ ਨੇ ਡਾਇਰੈਕਟਰ, ਪੀ.ਯੂ.ਆਰ.ਸੀ, ਲੁਧਿਆਣਾ ਪ੍ਰੋ. ਅਮਨ ਅਮ੍ਰਿਤ ਚੀਮਾ ਦੀ ਇਸ ਸੈਮੀਨਾਰ ਨੂੰ ਕਰਵਾਉਣ ਦੀ ਸ਼ਲਾਘਾ ਕਰਦਿਆ ਕਿ ਯੂਨੀਵਰਸਿਟੀ ਇੰਸਟੀਚਿਊਟ ਆਫ਼ ਲਾਅਜ਼, ਜੋ ਹਮੇਸ਼ਾ ਆਪਣੇ ਵਿਦਿਆਰਥੀਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਲਈ ਇੱਕ ਪਲੇਟਫਾਰਮ ਦਿੰਦਾ ਰਹਿੰਦਾ ਹੈ, ਜਿਸ ਨਾਲ ਵਿਦਿਆਰਥੀਆਂ ਵਿੱਚ ਜਾਗਰੂਕਤਾ ਵੱਧਦੀ ਹੈ। ਉਹਨਾਂ ਨੇ ਕਿਹਾ ਕਿ ਕਾਨੂੰਨ ਦੇ ਵਿਦਿਆਰਥੀ ਭਵਿੱਖ ਦਾ ਸਮਾਜ ਸਿਰਜਣ ਵਿੱਚ ਵੱਡਮੁੱਲਾਂ ਯੋਗਦਾਨ ਪਾਉਣ ਦੇ ਸਮਰੱਥ ਹੋਣਗੇ। ਕਾਨੂੰਨ ਦਾ ਵਿਸ਼ਾ ਅੱਜ ਸਮਾਜ ਦੇ ਲਈ ਭਵਿੱਖ ਦਾ ਚਾਨਣ ਮੁਨਾਰਾ ਹੈ। ਮੁਕਾਬਲੇਬਾਜ਼ੀ ਦੇ ਦੌਰ ਵਿੱਚ ਸਮੇ ਦੇ ਹਾਣੀ ਬਣਨ ਲਈ ਅੱਜ ਸੰਸਾਰ ਭਰ ਵਿੱਚ ਦੌੜ ਲੱਗੀ ਹੋਈ ਹੈ। ਕਾਨੂੰਨ ਦੇ ਵਿਦਿਆਰਥੀ ਜਦੋਂ ਕਾਨੂੰਨ ਦੇ ਮਾਹਿਰ ਬਣਨਗੇ ਤਾਂ ਉਹਨਾਂ ਵੱਲੋਂ ਆਮ ਲੋਕਾਂ ਨੂੰ ਰਾਹਦੁਸੇਰਾ ਬਣਕੇ ਬਿਹਤਰ ਸਮਾਜ ਸਿਰਜਿਆ ਜਾਵੇਗਾ। ਅਪਰਣਾ ਅੰਡਰ ਟ੍ਰੇਨਿੰਗ ਆਈ.ਏ.ਐਸ ਨੇ ਲਾਅ ਦੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਅਤੇ ਕਿਰਤ ਵਿਸ਼ੇ `ਤੇ ਜੀ-20 ਸੰਮੇਲਨ ਦੇ ਦੋ ਸੈਸ਼ਨ ਇਸ ਸਾਲ ਪੰਜਾਬ ਵਿਚ ਹੋਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੋਵਾਂ ਸਮਾਗਮਾਂ ਨੂੰ ਸਫ਼ਲ ਬਣਾਉਣ ਲਈ ਹਰ ਸੰਭਵ ਯਤਨਸ਼ੀਲ ਹੈ, ਜਿਸ ਵਿੱਚ 46 ਦੇਸ਼ਾਂ ਦੇ ਆਗੂ ਸਮਾਗਮਾਂ ਵਿੱਚ ਸ਼ਿਰਕਤ ਕਰਨਗੇ ਕਿਉਂਕਿ ਪੰਜਾਬੀ ਜਿੱਥੇ ਨਿੱਘੇ ਸੁਭਾਅ ਦੇ ਮਾਲਕ ਹਨ ਉੱਥੇ ਆਓ ਭਗਤ ਵਿੱਚ ਵੱਡਾ ਨਾਮਣਾ ਖੱਟਿਆ ਹੈ। ਉਨ੍ਹਾਂ ਕਿਹਾ ਕਿ ਇਸ ਸਫ਼ਲ ਆਯੋਜਨ ਨਾਲ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਹੋਰ ਹੁਲਾਰਾ ਮਿਲੇਗਾ। ਜੀ-20 ਸੈਸ਼ਨ ਦੀ ਮੇਜ਼ਬਾਨੀ ਨੂੰ ਪੰਜਾਬ ਲਈ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦਾ ਸੁਨਹਿਰੀ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬੀਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਸਮਾਗਮ ਸੂਬੇ ਨੂੰ ਦੁਨੀਆਂ ਦੇ ਨਕਸ਼ੇ `ਚ ਸਿਖ਼ਰਾਂ `ਤੇ ਪਹੁੰਚਾ ਦੇਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਸ੍ਰੀ ਨਵਦੀਪ ਸਿੰਘ ਡਿਪਟੀ ਸੀ.ਈ.ਓ, ਡੀ.ਬੀ.ਈ.ਈ., ਕੋਆਰਡੀਨੇਟਰ ਸ੍ਰੀਮਤੀ ਹੋਮਾ ਬਾਂਸਲ ਤੋ ਇਲਾਵਾ ਵੱਡੀ ਗਿਣਤੀ ਵਿੱਚ ਯੂਨੀਵਰਸਿਟੀ ਦਾ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।