- ਪਿੰਡ ਪਿੰਡ ਪਹੁੰਚ ਕੇ ਹੜ੍ਹ ਪ੍ਰਭਾਵਿਤ ਲੋਕਾਂ ਦਾ ਹੌਂਸਲਾਂ ਵਧਾ ਰਹੇ ਹਨ ਵਿਧਾਇਕ
ਫਾਜਿ਼ਲਕਾ, 21 ਅਗਸਤ : ਫਾਜਿ਼ਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਜਿੱਥੇ ਹੜ੍ਹ ਆਉਣ ਤੋਂ ਪਹਿਲਾਂ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਸਮਾਂ ਰਹਿੰਦੇ ਸੁਰੱਖਿਅਤ ਥਾਂਵਾਂ ਤੇ ਆਉਣ ਲਈ ਪ੍ਰੇਰਿਤ ਕਰਦੇ ਰਹੇ ਉਥੇ ਹੁਣ ਉਹ ਪਿੰਡ ਪਿੰਡ ਜਾ ਕੇ ਲੋਕਾਂ ਦੀ ਹੌਂਸਲਾ ਅਫ਼ਜਾਈ ਕਰ ਰਹੇ ਹਨ। ਅੱਜ ਵੀ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਜਿੱਥੇ ਰਾਹਤ ਕੈਂਪਾਂ ਵਿਚ ਜਾ ਕੇ ਛੋਟੇ ਬੱਚਿਆਂ ਨੂੰ ਕਪੜੇ ਦਿੱਤੇ ਉਥੇ ਹੀ ਉਨ੍ਹਾਂ ਨੇ ਪਿੰਡ ਤੇਜਾ ਰੁਹੇਲਾ ਵਿਖੇ ਲੰਗਰ ਲੈ ਕੇ ਪਹੁੰਚੇ ਅਤੇ ਲੋਕਾਂ ਨੂੰ ਆਪ ਲੰਗਰ ਵਰਤਾਉਣ ਦੀ ਸੇਵਾ ਨਿਭਾਈ। ਉਨ੍ਹਾਂ ਨੇ ਇੱਥੇ ਪਿੰਡ ਦੇ ਹਾਲਾਤਾਂ ਦਾ ਜਾਇਜ਼ਾ ਵੀ ਲਿਆ ਅਤੇ ਹੜ੍ਹ ਦੇ ਪਾਣੀ ਵਿਚ ਲਾਪਤਾ ਹੋਏ ਇਕ ਵਿਅਕਤੀ ਦੇ ਪਰਿਵਾਰ ਨਾਲ ਵੀ ਦੁੱਖ ਸਾਂਝਾ ਕੀਤਾ। ਇਸ ਮੌਕੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪਿੰਡ ਪਿੰਡ ਕੈਟਲ ਫੀਡ, ਰਾਸ਼ਨ ਕਿੱਟਾਂ, ਤਰਪਾਲਾਂ ਪਹਿਲਾਂ ਹੀ ਪਹੁੰਚਾ ਦਿੱਤੀਆਂ ਗਈਆਂ ਸੀ।ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੇ ਹੋਏ ਨੁਕਸਾਨ ਦਾ ਸੰਭਵ ਮੁਆਵਜਾ ਦਿੱਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਇਸ ਮੁਸਕਿਲ ਸਮੇਂ ਲੋਕਾਂ ਦੇ ਨਾਲ ਹੈ ਅਤੇ ਹਰ ਪ੍ਰਕਾਰ ਦੀ ਮਦਦ ਕੀਤੀ ਜਾ ਰਹੀ ਹੈ। ਵਿਧਾਇਕ ਨੇ ਦੱਸਿਆ ਕਿ ਜਿੱਥੇ ਵੀ ਲੋਕਾਂ ਦੇ ਪਾਣੀ ਵਿਚ ਫਸੇ ਹੋਣ ਦੀ ਇਤਲਾਹ ਮਿਲਦੀ ਹੈ ਤੁਰੰਤ ਟੀਮਾਂ ਭੇਜ਼ ਕੇ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੇ ਲੋਕਾਂ ਦੇ ਹੌਂਸਲੇ ਹਾਲੇ ਵੀ ਬੁਲੰਦ ਹਨ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਮੁਸਕਿਲ ਸਮੇਂ ਜਿ਼ਲ੍ਹਾ ਪ੍ਰਸ਼ਾਸਨ ਦੇ ਕੰਟਰੋਲ ਰੂਮ ਜਾਂ ਉਨ੍ਹਾਂ ਨਾਲ ਰਾਬਤਾ ਕੀਤਾ ਜਾਵੇ।