ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫੌਜ, ਬੀ.ਐਸ.ਐਫ. ਤੇ ਐਨ.ਡੀ.ਆਰ.ਐਫ. ਦੇ ਸਾਂਝੇ ਆਪਰੇਸ਼ਨ ਨੇ ਹਜ਼ਾਰਾਂ ਲੋਕਾਂ ਨੂੰ ਹੜ੍ਹ ਦੇ ਪਾਣੀ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ

  • ਹਰੀਕੇ ਹੈਡ ਵਰਕਸ ਤੋਂ ਪਾਣੀ ਦਾ ਪੱਧਰ ਘੱਟ ਕੇ 167108 ਕਿਉਸਿਕ ਹੋਇਆ : ਧੀਮਾਨ
  • ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ
  • ਹੜ੍ਹ ਪ੍ਰਭਾਵਿਤਾਂ ਲਈ ਰਾਹਤ ਕੈਂਪ ਸਥਾਪਿਤ, ਡਾਕਟਰੀ ਸਹਾਇਤਾ, ਲੰਗਰ, ਪਸ਼ੂਆਂ ਦੇ ਚਾਰੇ ਸਮੇਤ ਹਰ ਤਰ੍ਹਾਂ ਦੀ ਸੁਵਿਧਾ ਦਾ ਪ੍ਰਬੰਧ

ਫਿਰੋਜ਼ਪੁਰ, 20 ਅਗਸਤ : ਦਰਿਆ ਸਤਲੁਜ ਦੇ ਨਾਲ ਲੱਗਦੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ, ਭਾਰਤੀ ਫੌਜ, ਬੀ.ਐਸ.ਐਫ., ਐਨ.ਡੀ.ਆਰ.ਐਫ. ਤੇ ਪੰਜਾਬ ਪੁਲੀਸ ਵੱਲੋਂ ਸਾਂਝਾ ਆਪਰੇਸ਼ਨ ਕਰਕੇ ਹੜ੍ਹ ਦੇ ਪਾਣੀ ਵਿੱਚੋਂ ਹਜ਼ਾਰਾਂ ਲੋਕਾਂ ਨੂੰ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਪਹੁੰਚਾ ਕੇ ਕੀਮਤੀ ਜਾਨਾਂ ਬਚਾਈਆਂ ਗਈਆਂ ਹਨ। ਲੋਕਾਂ ਨੂੰ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ/ਰਾਹਤ ਕੇਂਦਰਾਂ ਵਿੱਚ ਪਹੁੰਚਾਉਣ ਦਾ ਕੰਮ ਦਿਨ ਰਾਤ ਜਾਰੀ ਹੈ। ਬੀਤੀ ਸ਼ਾਮ ਤੋਂ ਹਰੀਕੇ ਹੈਡ ਵਰਕਸ ਤੋਂ ਪਾਣੀ ਦਾ ਪੱਧਰ 210250 ਕਿਉਸਿਕ ਤੋਂ ਘੱਟ ਕੇ 167108 ਕਿਉਸਿਕ ਰਹਿ ਗਿਆ ਹੈ ਅਤੇ ਇਸ ਦੇ ਨਾਲ ਹੀ ਬਚਾਅ ਕਾਰਜਾਂ ਵਿੱਚ ਵੀ ਜੰਗੀ ਪੱਧਰ ਤੇ ਤੇਜੀ ਲਿਆਂਦੀ ਗਈ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਨੇ ਹੁਸੈਨੀਵਾਲਾ, ਹਜ਼ਾਰਾ ਸਿੰਘ ਵਾਲਾ, ਰੁਕਨੇ ਵਾਲਾ, ਨਿਹਾਲਾ ਲਵੇਰਾ ਆਦਿ ਪਿੰਡਾਂ ਵਿਖੇ ਰਾਹਤ ਕਾਰਜਾਂ ਦਾ ਜਾਇਜ਼ਾ ਲੈਣ ਉਪਰੰਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਐਸ.ਪੀ. ਸ੍ਰੀ ਦੀਪਕ ਹਿਲੌਰੀ ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਸ਼ਰਮਾ ਵੀ ਹਾਜ਼ਰ ਸਨ। ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਹਾਲਾਂਕਿ ਪ੍ਰਸ਼ਾਸਨ ਵੱਲੋਂ 14 ਅਗਸਤ ਤੋਂ ਲਗਾਤਾਰ ਅਨਾਉਂਸਮੈਂਟਾਂ ਕਰਵਾਈਆਂ ਗਈਆਂ ਸਨ ਕਿ ਸਤਲੁਜ ਦੇ ਨਜ਼ਦੀਕ ਨੀਵੇਂ ਪਿੰਡਾਂ ਦੇ ਲੋਕ ਆਪਣਾ ਮਾਲ ਡੰਗਰ ਲੈ ਕੇ ਸੁਰੱਖਿਅਤ ਥਾਵਾਂ ਤੇ ਜਾਂ ਸਰਕਾਰ ਵੱਲੋਂ ਸਥਾਪਿਤ ਰਾਹਤ ਕੈਂਪਾਂ ਵਿੱਚ ਆਉਣ। ਪਰੰਤੂ ਲੋਕਾਂ ਨੂੰ ਸ਼ਾਇਦ ਉਮੀਦ ਸੀ ਕਿ ਪਿਛਲੀ ਵਾਰ ਵਾਂਗ ਪਾਣੀ ਘੱਟ ਹੋਵੇ ਜਦਕਿ ਇਸ ਵਾਰ ਪਾਣੀ ਇਕ ਦੱਮ ਜ਼ਿਆਦਾ ਆ ਜਾਣ ਕਾਰਨ ਲੋਕ ਆਪਣੇ ਘਰਾਂ ਵਿੱਚ ਫਸ ਗਏ ਜਿਨ੍ਹਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ, ਫੌਜ, ਬੀ.ਐਸ.ਐਫ., ਐਨ.ਡੀ.ਆਰ.ਐਫ. ਦੀਆਂ ਟੀਮਾਂ ਵੱਲੋਂ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਹੈ। ਇਸ ਕੰਮ ਵਿੱਚ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਵੱਡੀ ਪੱਧਰ ‘ਤੇ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸੰਸਥਾਵਾਂ ਵੱਲੋਂ ਜ਼ੀਰੋ ਲਾਈਨ ਤੱਕ ਲੋਕਾਂ ਨੂੰ ਲੰਗਰ, ਪਾਣੀ, ਪਸ਼ੂਆਂ ਦਾ ਚਾਰਾ ਅਤੇ ਹੋਰ ਜ਼ਰੂਰੀ ਸਮਾਨ ਪਹੁੰਚਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੈਡੀਕਲ ਟੀਮਾਂ ਦੀ ਡਿਊਟੀ ਵੀ ਲਗਾਈ ਗਈ ਹੈ ਅਤੇ ਲੋੜਵੰਦ ਲੋਕਾਂ ਨੂੰ ਮੁਫ਼ਤ ਦਵਾਈਆਂ ਵੀ ਉਪਲੱਬਧ ਕਰਾਈਆਂ ਜਾ ਰਹੀਆਂ ਹਨ।