- ਨਸ਼ਿਆਂ ਖਿਲਾਫ ਲੜਾਈ ਜਿੱਤਣ ਲਈ ਲੋਕਾਂ ਤੋਂ ਸਹਿਯੋਗ ਲਿਆ ਜਾਵੇਗਾ: ਜ਼ਿਲ੍ਹਾ ਪੁਲਿਸ ਮੁਖੀ
- ਨੌਜਵਾਨਾਂ 'ਚ ਖੇਡਾਂ ਪ੍ਰਤੀ ਲਗਨ ਵਧਾਉਣ ਲਈ ਹਰ ਪਿੰਡ 'ਚ ਹੋਣਗੇ ਖੇਡ ਮੈਦਾਨ
- ਜ਼ਿਲ੍ਹਾ ਪੱਧਰੀ ਐਨ - ਕਾਰਡ ਦੀ ਬੈਠਕ 'ਚ ਸਿਵਲ ਅਤੇ ਪੁਲਿਸ ਅਧਿਕਾਰੀਆਂ ਨੇ ਕੀਤਾ ਵਿਚਾਰ-ਵਟਾਂਦਰਾ
- ਨਸ਼ਿਆਂ ਸਬੰਧੀ ਗੁਪਤ ਸੂਚਨਾ ਦੇਣ ਲਈ ਪੁਲਿਸ ਵੱਲੋਂ ਵਟਸਐਪ ਨੰਬਰ 7508080280 ਜਾਰੀ, ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ
ਬਰਨਾਲਾ, 25 ਜੂਨ 2024 : ਨਸ਼ਿਆਂ ਖਿਲਾਫ ਜੰਗ ਜਿੱਤਣ ਲਈ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਲਾਮਬੰਦ ਹੈ। ਹਰ ਇਕ ਵਰਗ ਦੀ ਸ਼ਮੂਲੀਅਤ ਨਾਲ ਇਸ ਅਲਾਮਤ ਉੱਤੇ ਜਿੱਤ ਪਾਈ ਜਾ ਸਕਦੀ ਹੈ। ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਜ਼ਿਲ੍ਹਾ ਪੱਧਰੀ ਨਾਰਕੋਟਿਕਸ ਤਾਲਮੇਲ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਇਸ ਬੈਠਕ 'ਚ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਉਨ੍ਹਾਂ ਨਾਲ ਹਾਜ਼ਰ ਸਨ। ਜ਼ਿਲ੍ਹਾ ਬਰਨਾਲਾ ਵਿੱਚ ਨਸ਼ੇ ਵੇਚਣ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਨੁੂੰ ਮੁੜ ਮੁੱਖ ਧਾਰਾ ਵਿੱਚ ਲਿਆਉਣ ਲਈ ਜ਼ਿਲ੍ਹੇ ਦੇ ਸਾਰੇ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਉਹ ਆਮ ਜਨਤਾ ਨਾਲ ਤਾਲਮੇਲ ਯਕੀਨੀ ਬਣਾਉਣ। ਬਰਨਾਲਾ 'ਚੋਂ ਨਸ਼ੇ ਖ਼ਤਮ ਕਰਨ ਲਈ ਨਸ਼ਿਆਂ ਦੇ ਆਦੀ ਲੋਕਾਂ ਦੇ ਮੁੜ ਵਸੇਬੇ, ਹੁਣ ਤੱਕ ਕੀਤੀਆਂ ਗਈਆਂ ਕਾਰਵਾਈਆਂ ਦੀਆਂ ਸਮੀਖਿਆ ਅਤੇ ਰੋਕਥਾਮ ਦੇ ਉਪਾਅ ਸਬੰਧੀ ਰੋਕਥਾਮ ਦੀ ਰਣਨੀਤੀ ਤਹਿਤ ਕੰਮ ਕੀਤਾ ਜਾਵੇਗਾ। ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਨੇ ਦੱਸਿਆ ਕਿ ਨਸ਼ਾ ਛੱਡਣ ਵਾਲੇ ਵਿਅਕਤੀ ਜੇਕਰ ਨਸ਼ਾ ਛੁਡਾਊ ਕੇਦਰਾਂ ਵਿੱਚ ਲੱਗਣ ਵਾਲੀ ਫੀਸ ਦੀ ਅਦਾਇਗੀ ਕਰਨ ਤੋਂ ਅਸਮੱਰਥ ਹਨ ਤਾਂ ਉਨ੍ਹਾਂ ਦੇ ਵਿਭਾਗ ਵੱਲੋਂ ਅਜਿਹੇ ਵਿਅਕਤੀਆਂ ਨੂੰ ਮਾਲੀ ਮਦਦ ਮੁਹਈਆ ਕਰਵਾਈ ਜਾ ਸਕਦੀ ਹੈ ਤਾਂ ਜੋ ਉਸ ਦੇ ਪਰਿਵਾਰ ਅਤੇ ਬੱਚਿਆਂ ਉੱਤੇ ਉਸ ਦੀ ਗ੍ਰਿਫਤਾਰੀ ਜਾਂ ਹੋਰ ਕਾਨੂੰਨੀ ਕਾਰਵਾਈ ਦਾ ਮਾੜਾ ਅਸਰ ਨਾ ਹੋਵੇ। ਇਸ ਤਰ੍ਹਾਂ ਦੇ ਪਰਿਵਾਰਾਂ ਨੂੰ ਆਤਮ ਨਿਰਭਰ ਕਰਨ ਲਈ ਉਨ੍ਹਾਂ ਨੂੰ ਕੌਸ਼ਲ ਵਿਕਾਸ ਯੋਜਨਾ ਜਾਂ ਹੋਰ ਸਰਕਾਰੀ ਸਕੀਮਾਂ ਜਾਂ ਆਰਸੇਟੀ ਰਾਹੀਂ ਰੋਜ਼ਗਾਰ ਦੇ ਮੌਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਅੱਠਵੀਂ ਜਮਾਤ ਤੋਂ ਹੀ ਬੱਚਿਆਂ ਦੀ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਉਨ੍ਹਾਂ ਨੂੰ ਗ਼ਲਤ ਸੰਗਤ ਅਤੇ ਨਸ਼ਿਆਂ ਤੋਂ ਬਚਾਇਆ ਜਾ ਸਕੇ। ਉਨ੍ਹਾਂ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ), ਬਰਨਾਲਾ ਨੂੰ ਨਿਰਦੇਸ਼ ਦਿੱਤੇ ਕਿ ਹਰ ਮਹੀਨੇ 60 ਸਕੂਲਾਂ ਦੇ 9ਵੀਂ ਜਮਾਤ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਨਸਿ਼ਆਂ ਦੇ ਬੁਰੇ ਪ੍ਰਭਾਵਾਂ ਬਾਰੇ ਵੀਡੀਓਜ਼ ਦਿਖਾਉਣਗੇ ਅਤੇ ਨਸ਼ਿਆਂ ਖਿਲਾਫ ਜਾਗਰੂਕ ਕਰਨਗੇ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਬਰਨਾਲਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਅਧਿਆਪਕਾਂ ਰਾਹੀਂ ਸਰੀਰਕ ਪੱਖ ਤੋਂ ਕਮਜ਼ੋਰ ਬੱਚਿਆਂ ਦੀ ਸ਼ਨਾਖਤ ਕਰਨਗੇੇ। ਉਹ ਸਕੂਲ ਦੇ ਚੁਸਤ ਬੱਚਿਆਂ ਨਾਲ ਅਜਿਹੇ ਬੱਚਿਆਂ ਦੀਆਂ ਟੀਮਾਂ ਦਾ ਗਠਨ ਕਰਕੇ ਉਨ੍ਹਾਂ ਨੂੰ ਸਕੂਲ ਦੇ 100 ਮੀਟਰ ਦੇ ਘੇਰੇ ਵਿੱਚ ਸਿਗਰਟ / ਦਵਾਈਆਂ ਅਤੇ ਹੋਰ ਖੋੋਖਿਆਂ ਦੀ ਚੈਕਿੰਂਗ ਕਰਨ ਲਈ ਅਧਿਕਾਰਤ ਕਰਨਗੇ। ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਸਾਂਝ ਕੇਂਦਰ ਦੇ ਮੁਲਾਜ਼ਮਾਂ ਦੀ ਡਿਊਟੀ ਇਨ੍ਹਾਂ ਟੀਮਾਂ ਨਾਲ ਲਗਾਉਣਗੇ ਜੋ ਸਿਵਲ ਵਰਦੀ ਵਿੱਚ ਇਨ੍ਹਾਂ ਬੱਚਿਆਂ ਨਾਲ ਚੈਕਿੰਂਗ ਕਰਨ ਵਿੱਚ ਸਹਿਯੋਗ ਕਰਨਗੇ। ਇਨ੍ਹਾਂ ਬੱਚਿਆਂ ਨੂੰ ਚੈਕਿੰਂਗ ਕਰਨ ਲਈ ਅਧਿਕਾਰਤ ਕਰਨ ਸਬੰਧੀ ਲੋੜੀਂਦਾ ਪੱਤਰ / ਸ਼ਨਾਖਤੀ ਕਾਰਡ ਇਸ ਦਫਤਰ ਵੱਲੋਂ ਜਾਰੀ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਨਿਰਦੇਸ਼ ਦਿੱਤੇ ਕਿ ਐਨ.ਸੀ.ਸੀ./ ਐਨ.ਐਸ.ਐਸ. ਦੇ ਕੈਮ੍ਪ ਲਗਾਏ ਜਾਣ ਜਿਸ ਨਾਲ ਬੱਚੇ ਆਪਣੇ ਅਧਿਆਪਕਾਂ ਨਾਲ ਵਧੀਆ ਤਾਲਮੇਲ ਕਰਕੇ ਉਨ੍ਹਾਂ ਨਾਲ ਨਸ਼ਿਆਂ ਸਬੰਧੀ ਜਾਣਕਾਰੀ ਆਦਿ ਸਾਂਝੀ ਕਰਨ । ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਨਸ਼ਾ ਵੇਚਣ ਜਾਂ ਨਸ਼ਾ ਕਰਨ ਸਬੰਧੀ ਕੋਈ ਸੂਚਨਾ ਪ੍ਰਾਪਤ ਹੁੰਦੀ ਹੈ ਤਾਂ ਉਹ ਤੁਰੰਂਤ ਆਪਣੇ ਨੇੜਲੇ ਪੁਲਿਸ ਸਟੇਸ਼ਨ ਵਿੱਚ ਸੂਚਨਾ ਦੇਣ ਅਤੇ ਸਬੰਧਤ ਮੁੱਖ ਥਾਣਾ ਅਫਸਰ ਅਜਿਹੀ ਸੂਚਨਾ ਨੂੰ ਗੁਪਤ ਰੱਖਦੇ ਹੋਏ ਤੁਰੰਂਤ ਕਾਰਵਾਈ ਯਕੀਨੀ ਬਣਾਵੇ। ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਨੇ ਦੱਸਿਆ ਕਿ ਨਸ਼ਿਆਂ ਸਬੰਧੀ ਗੁਪਤ ਸੂਚਨਾ ਦੇਣ ਲਈ ਪੁਲਿਸ ਵੱਲੋਂ ਵਟਸਐਪ ਨੰਬਰ 7508080280 ਜਾਰੀ ਕੀਤਾ ਗਿਆ ਜਿੱਥੇ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਂ ਗੁਪਤ ਰੱਖਿਆ ਜਾਵੇਗਾ। ਬੱਚਿਆਂ ਨੂੰ ਨਸ਼ਿਆਂ ਤੋਂ ਰੋਕਣ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਜ਼ਿਲ੍ਹਾ ਖੇਡ ਅਫਸਰ ਬਰਨਾਲਾ ਨੂੰ ਹਦਾਇਤ ਕੀਤੀ ਗਈ ਕਿ ਵਾਲੀਬਾਲ, ਨੈਟਬਾਲ, ਕਬੱਡੀ ਆਦਿ ਲਈ ਸਾਰੇ ਪਿੰਡਾਂ ਵਿੱਚ ਯੂਥ ਕਲੱਬਾਂ ਦੇ ਸਹਿਯੋਗ ਨਾਲ ਲੋੜੀਂਦੀਆਂ ਜਗ੍ਹਾ ਦੀ ਸ਼ਨਾਖਤ ਕਰਨਗੇ। ਸਬੰਧਿਤ ਬੀ.ਡੀ.ਪੀ.ਓਜ਼ ਨਾਲ ਤਾਲਮੇਲ ਕਰਕੇ ਪਿੰਡਾਂ 'ਚ ਖੇਡ ਮੈਦਾਨ ਬਣਾਏ ਜਾਣਗੇ ਅਤੇ ਬਣੇ ਹੋਏ ਖੇਡ ਮੈਦਾਨਾਂ ਚ ਖੇਡਾਂ ਦੀ ਲੋੜ ਅਨੁਸਾਰ ਸਮਾਨ ਮੁਹਈਆ ਕਰਵਾਉਣ ਲਈ ਆਪਣੀ ਤਜਵੀਜ ਡੀ ਸੀ ਦਫਤਰ ਨੂੰ ਭੇਜਣ। ਜ਼ਿਲ੍ਹੇ ਭਰ ਦੇ ਪਿੰਡਾਂ ਦੇ ਕਲੱਬਾਂ ਵਿੱਚ ਕੰਮ ਕਰ ਰਹੇ ਨੌਜਵਾਨਾਂ ਨੂੰ ਖੇਡਾਂ ਨਾਲ ਹੋਰ ਜੋੜਨ ਲਈ ਨਹਿਰੂ ਯੂਵਾ ਕੇਂਦਰ ਅਤੇ ਜ਼ਿਲ੍ਹਾ ਸਪੋਰਟਸ ਅਫਸਰ ਵੱਲੋਂ ਸਾਂਝੇ ਤੌਰ 'ਤੇ ਸਾਰੇ ਪਿੰਡਾਂ ਵਿੱਚ 5 ਸਭ ਜਾਂ ਵੱਧ ਕਾਬਲ ਨੌਜਵਾਨਾਂ ਦੀ ਸ਼ਨਾਖਤ ਕੀਤੀ ਜਾਵੇਗੀ। ਜ਼ਿਲ੍ਹਾ ਸਪੋਰਟਸ ਦਫਤਰ ਵੱਲੋਂ ਉਨ੍ਹਾਂ ਨੌਜਵਾਨਾਂ ਦੀ ਲਿਸਟ ਬਣਾਈ ਜਾਵੇਗੀ ਕਹਿੰਦੇ ਇਸ ਖੇਤਰ ਵਿਚ ਸਭ ਤੋਂ ਵੱਧ ਯੋਗਦਾਨ ਪਾਉਂਦਿਆਂ ਹੋਰ ਨੌਜਵਾਨਾਂ ਨੂੰ ਇਸ ਮੁਹਿੰਮ ਨਾਲ ਜੋੜਨਗੇ। ਅਜਿਹੇ ਨੌਜਵਾਨਾਂ ਨੂੰ 15 ਅਗਸਤ 'ਤੇ ਹੋਣ ਵਾਲੇ ਜ਼ਿਲ੍ਹੇ ਪੱਧਰੀ ਪ੍ਰੋਗਰਾਮ ਵਿੱਚ ਨਗਦ ਰਾਸ਼ੀ ਨਾਲ ਸਨਮਾਨਤ ਕੀਤਾ ਜਾਵੇਗਾ। ਇਸ ਬੈਠਕ 'ਚ ਵਧੀਕ ਡਿਪਟੀ ਕਮਿਸ਼ਨਰ (ਜ) ਅਨੁਪ੍ਰਿਤਾ ਜੌਹਲ, ਉਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਸਤਵੰਤ ਸਿੰਘ, ਉਪ ਮੰਡਲ ਮੈਜਿਸਟ੍ਰੇਟ ਬਰਨਾਲਾ ਵਰਿੰਦਰ ਸਿੰਘ, ਐੱਸ ਪੀ ਸੰਦੀਪ ਮੰਡ ਅਤੇ ਹੋਰ ਅਫ਼ਸਰ ਮੌਜੂਦ ਸਨ।