ਮਾਨਸਾ, 19 ਅਗਸਤ : ਪੰਜਾਬ ’ਚ ਹੜ੍ਹਾਂ ਕਾਰਨ ਹੋਈ ਵਿਆਪਕ ਤਬਾਹੀ ਦੇ ਮੁਆਵਜ਼ੇ ਅਤੇ ਹੜ੍ਹਾਂ ਦੀ ਰੋਕਥਾਮ ਨਾਲ ਸਬੰਧਤ ਮੰਗਾਂ ਨੂੰ ਲੈਕੇ ਅੱਜ ਸੰਯੁਕਤ ਕਿਸਾਨ ਮੋਰਚੇ ਵਲੋਂ ਰਾਜ ਭਰ ਦੇ ਵਿਧਾਇਕਾਂ ਅਤੇ ਵਜ਼ੀਰਾਂ ਦੇ ਘਰਾਂ ਅੱਗੇ ਰੋਸ਼ ਪ੍ਰਦਰਸਨ ਕੀਤੇ ਜਾਣ ਲੱਗੇ ਹਨ। ਮਾਨਸਾ ਜ਼ਿਲ੍ਹੇ ਵਿੱਚ ਇਨ੍ਹਾਂ ਧਰਨਿਆਂ ਤਹਿਤ ਮਾਨਸਾ ਵਿਖੇ ਵਿਧਾਇਕ ਡਾ ਵਿਜੈ ਸਿੰਗਲਾ ਅਤੇ ਗੁਰਪ੍ਰੀਤ ਸਿੰਘ ਬਣਾਂਵਾਲੀ (ਵਿਧਾਇਕ ਸਰਦੂਲਗੜ੍ਹ) ਅਤੇ ਬੁਢਲਾਡਾ ਵਿਖੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਦੀ ਰਿਹਾਇਸ਼ ਅੱਗੇ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਵਿਧਾਇਕਾਂ ਨੂੰ ਉਨ੍ਹਾਂ ਦੇ ਦਾਅਵਿਆਂ ਅਤੇ ਵਾਅਦਿਆਂ ਤੋਂ ਜਾਣੂ ਕਰਵਾਇਆ ਗਿਆ, ਸੰਯੁਕਤ ਕਿਸਾਨ ਮੋਰਚੇ ਦੇ ਪ੍ਰਮੁੱਖ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਨੇ ਅੱਜ ਇਥੇ ਦੱਸਿਆ ਕਿ ਅਜਿਹੇ ਧਰਨੇ ਪੂਰੇ ਪੰਜਾਬ ਵਿਚ ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਦੇ ਘਰਾਂ ਮੁਹਰੇ ਆਰੰਭ ਹੋਣ ਦੀ ਇਥੇ ਜਾਣਕਾਰੀ ਪੁੱਜੀ ਹੈ। ਇਥੇ ਧਰਨੇ ਨੂੰ ਸੰਬੋਧਨ ਕਰਦਿਆਂ ਰੁਲਦੂ ਸਿੰਘ ਨੇ ਦੱਸਿਆ ਕਿ ਪੰਜਾਬ ਇੱਕ ਪਾਸੇ ਹੜ੍ਹਾਂ ਦਾ ਨੁਕਸਾਨ ਤਾਂ ਸਹਿੰਦਾ ਹੈ, ਪ੍ਰੰਤੂ ਜਦੋਂ ਇਸ ਨੁਕਸਾਨ ਲਈ ਰਾਹਤ ਪੈਕੇਜ ਦੇਣ ਦਾ ਮਸਲਾ ਖੜ੍ਹਾ ਹੁੰਦਾ ਹੈ ਤਾਂ ਉਦੋਂ ਕੇਂਦਰ ਸਰਕਾਰ ਵੀ ਘੇਸਲ ਵੱਟ ਜਾਂਦੀ ਹੈ ਅਤੇ ਇਸ ਸਭ ਦਾ ਸਿੱਟਾ ਅੱਜ ਪੰਜਾਬ ਦੇ ਲੋਕ ਭੁਗਤ ਰਹੇ ਹਨ। ਉਨ੍ਹਾਂ ਕਿਹਾ ਕਿ ਦਰਿਆਵਾਂ, ਨਦੀਆਂ, ਡਰੇਨਾਂ ਵਿੱਚ ਚੜੇ ਪਾਣੀ ਨੇ ਕਈ ਥਾਵਾਂ ’ਤੇ ਓਵਰਫਲੋਅ ਹੋ ਕੇ ਅਤੇ ਕਈ ਥਾਵਾਂ ’ਤੇ ਬੰਨ੍ਹ ਤੋੜ ਕੇ ਹੜ੍ਹਾਂ ਦੇ ਰੂਪ ਵਿੱਚ ਵਿਆਪਕ ਤਬਾਹੀ ਮਚਾਈ ਹੈ। ਉਨ੍ਹਾਂ ਲੱਖਾਂ ਏਕੜ ਫ਼ਸਲ ਬਰਬਾਦ ਹੋ ਗਈ ਹੈ ਅਤੇ ਹਜ਼ਾਰਾਂ ਏਕੜ ਜ਼ਮੀਨ ਮਿੱਟੀ ਅਤੇ ਰੇਤ ਭਰਨ ਕਾਰਨ ਨੁਕਸਾਨੀ ਗਈ ਹੈ ਜਦੋਂ ਕਿ ਬਹੁਤ ਸਾਰੇ ਕਿਸਾਨਾਂ ਦੇ ਟਿਊਬਵੈੱਲ ਨੁਕਸਾਨੇ ਗਏ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਾਨ-ਮਾਲ ਦਾ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਪਸ਼ੂਆਂ ਦੀ ਮੌਤ ਅਤੇ ਘਰਾਂ ਦੇ ਹੋਏ ਨੁਕਸਾਨ ਨੇ ਲੋਕਾਂ ਦੀਆਂ ਦੁੱਖਾਂ ਤਕਲੀਫਾਂ ਵਿੱਚ ਵਾਧਾ ਹੀ ਕੀਤਾ ਹੈ। ਨਾਲੋ-ਨਾਲ ਉਨ੍ਹਾਂ ਨੂੰ ਕਰਜ਼ੇ ਦੀਆਂ ਕਿਸ਼ਤਾਂ ਦੀ ਚਿੰਤਾ ਵੀ ਵੱਢ-ਵੱਢ ਖਾ ਰਹੀ ਹੈ। ਉਨ੍ਹਾਂ ਕਿਹਾ ਕਿ ਕਈ ਜ਼ਿਲ੍ਹਿਆਂ ਵਿੱਚ ਹਾਲਤ ਇਹ ਹੈ ਕਿ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਮਿੱਟੀ ਭਰਨ ਕਾਰਨ ਇਸ ਵਾਰ ਦੀ ਫ਼ਸਲ ਤਾਂ ਖਤਮ ਹੋ ਗਈ। ਕਿਸਾਨ ਅਗਲੀ ਕਣਕ ਜਾਂ ਦੂਜੀ ਫ਼ਸਲ ਬੀਜ ਕੇ ਪੈਦਾਵਾਰ ਲੈ ਪਾਵੇਗਾ, ਇਸ ਉੱਪਰ ਵੀ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਕਿਸਾਨਾਂ ਦਾ ਬੀਜ਼, ਖਾਦ ਅਤੇ ਲੇਬਰ ਲਾ ਕੇ ਬੀਜਿਆ ਝੋਨਾ ਖਤਮ ਹੋ ਗਿਆ। ਉਨ੍ਹਾਂ ਨੂੰ ਦੁਬਾਰਾ ਝੋਨਾ ਲਾਉਣਾ ਪਿਆ। ਇਸ ਬੇਵਕਤੇ ਝੋਨੇ ਦੀ ਫ਼ਸਲ ਜਦੋਂ ਮੰਡੀਆਂ ਵਿੱਚ ਆਵੇਗੀ ਤਾਂ ਕਿਸਾਨਾਂ ਨੂੰ ਫ਼ਸਲ ’ਚ ਨਮੀ ਅਤੇ ਹੋਰ ਮਾਪਦੰਡਾਂ ਕਰਕੇ ਫ਼ਸਲ ਵੇਚਣ ’ਚ ਆਉਣ ਵਾਲੀਆਂ ਦਿੱਕਤਾਂ ਦੀ ਚਿੰਤਾ ਸਤਾ ਰਹੀ ਹੈ। ਉਨਾਂ ਦੱਸਿਆ ਕਿ ਅਜਿਹੀਆਂ ਹਾਲਤਾਂ ਵਿੱਚ ਸੰਯੁਕਤ ਕਿਸਾਨ ਮੋਰਚੇ ’ਚ ਸ਼ਾਮਲ ਪੰਜਾਬ ਦੀਆਂ 32 ਕਿਸਾਨ ਜੱਥੇਬੰਦੀਆਂ ਵੱਲੋਂ ਅੱਜ 19 ਅਗਸਤ ਨੂੰ ਕੇਂਦਰ ਅਤੇ ਪੰਜਾਬ ’ਚ ਸਰਕਾਰਾਂ ਚਲਾ ਰਹੀਆਂ ਦੋਵੇਂ ਪਾਰਟੀਆਂ, ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ, ਸੰਸਦ ਮੈਂਬਰਾਂ ਅਤੇ ਵਿਧਾਇਕਾਂ ਨੂੰ ਚੇਤਾਵਨੀ ਪੱਤਰ ਦੇ ਕੇ ਪੰਜਾਬ ਦੇ ਲੋਕਾਂ ਦੀ ਇਸ ਮੁਸੀਬਤ ਸਮੇਂ ਬਾਂਹ ਫੜਨ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕੇਂਦਰ ਸਰਕਾਰ ਇਨ੍ਹਾਂ ਹੜ੍ਹਾਂ ਨੂੰ ਫੌਰੀ ਕੌਮੀ ਆਫਤ ਐਲਾਨ ਕਰਕੇ ਪੰਜਾਬ ਨੂੰ ਦੱਸ ਹਜ਼ਾਰ ਕਰੋੜ ਰੁਪਏ ਦਾ ਰਾਹਤ ਪੈਕੇਜ ਦੇਵੇ। ਹੋਏ ਨੁਕਸਾਨ ਦੇ ਮੱਦੇਨਜ਼ਰ ਮੁਆਵਜਾ ਵੰਡਣ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਜਾਵੇ ਤਾਂ ਜੋ ਪੀੜਤ ਲੋਕਾਂ ਨੂੰ ਜਾਨ-ਮਾਲ ਦੇ ਹੋਏ ਨੁਕਸਾਨ ਦੇ ਅਨੁਸਾਰ ਢੁੱਕਵਾਂ ਮੁਆਵਜਾ ਮਿਲ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਸ਼ੇਸ਼ ਮੁਆਵਜ਼ਾ ਦੇਣਾ ਆਰੰਭ ਕਰੇ , ਜਿਸ ਨੂੰ ਦੇਣ ਦਾ ਵਾਅਦਾ 15 ਅਗਸਤ ਤੋਂ ਪਹਿਲਾਂ ਪਹਿਲਾਂ ਕੀਤਾ ਹੋਇਆ ਹੈ,ਜੋ ਅਜੇ ਕਿਧਰੇ ਵੀ ਆਰੰਭ ਨਹੀਂ ਕੀਤਾ ਗਿਆ ਹੈ। ਇਸ ਮੌਕੇ ਮਹਿੰਦਰ ਸਿੰਘ ਭੈਣੀ ਬਾਘਾ, ਨਰਿੰਦਰ ਕੌਰ ਬੁਰਜ ਹਮੀਰਾ,ਭਜਨ ਸਿੰਘ , ਨਿਰਮਲ ਸਿੰਘ ਝੰਡੂਕੇ, ਕ੍ਰਿਸ਼ਨ ਚੌਹਾਨ, ਛਿੰਦਰਪਾਲ ਕੌਰ , ਕੁਲਵਿੰਦਰ ਸਿੰਘ ਉੱਡਤ, ਮਲੂਕ ਸਿੰਘ ਹੀਰਕੇ ਨੇ ਵੀ ਸੰਬੋਧਨ ਕੀਤਾ।