- ਕਿਹਾ, ਆਉਣ ਵਾਲੀਆਂ ਪੀੜੀਆਂ ਨੂੰ ਹਰਿਆ ਭਰਿਆ ਤੇ ਸਾਫ ਸੁਥਰਾ ਵਾਤਾਵਰਨ ਮੁਹੱਈਆ ਕਰਵਾਉਣ ਲਈ ਬੂਟੇ ਲਗਾਉਣਾ ਬਹੁਤ ਜ਼ਰੂਰੀ
ਫਾਜ਼ਿਲਕਾ 29 ਅਗਸਤ : ਵਣ ਜੰਗਲੀ ਜੀਵ ਸੁਰੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਗ੍ਰੈਜੂਏਟ ਵੈੱਲਫੇਅਰ ਐਸੋਸੀਏਸ਼ਨ ਫਾਜ਼ਿਲਕਾ ਵੱਲੋਂ ਫਾਜ਼ਿਲਕਾ ਜ਼ਿਲ੍ਹੇ ਨੂੰ ਹਰਾ ਭਰਾ ਬਣਾਉਣ ਲਈ ਹਰਿਆਲੀ (ਓਕਸੀ) ਵੈਨ ਰਵਾਨਾ ਕੀਤੀ ਗਈ। ਜਿਸ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਆਈ.ਏ.ਐੱਸ. ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਰੋਬਿਨ ਹੁੱਡ ਆਰਮੀ ਫਾਜ਼ਿਲਕਾ ਅਤੇ ਨੌਜਵਾਨ ਸਮਾਜ ਸੇਵਾ ਸੰਸਥਾ ਫਾਜ਼ਿਲਕਾ ਵੱਲੋਂ ਵੀ ਬੂਟੇ ਵੰਡਣ ਦੀ ਇਸ ਮੁਹਿੰਮ ਵਿੱਚ ਆਪਣਾ ਸਹਿਯੋਗ ਪਾਇਆ ਗਿਆ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਐਸੋਸੀਏਸ਼ਨ ਵੱਲੋਂ ਇਹ ਵੈਨ 2 ਸਤੰਬਰ 2023 ਤੱਕ ਚਲਾਈ ਗਈ ਹੈ ਤੇ ਇਹ ਵੈਨ ਜ਼ਿਲ੍ਹੇ ਦੇ ਲੋਕਾਂ ਨੂੰ ਮੁਫਤ ਬੂਟੇ ਮੁਹੱਈਆ ਕਰਵਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾ ਤਹਿਤ ਪਿਛਲੇ ਦੋ ਮਹੀਨਿਆਂ ਦੇ ਦੌਰਾਨ ਪ੍ਰਸ਼ਾਸਨ ਵੱਲੋਂ 3 ਲੱਖ ਤੋਂ ਵੱਧ ਬੂਟੇ ਲਗਾਏ ਗਏ ਹਨ ਤੇ ਹੋਰ ਵੀ ਬੂਟੇ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਹੋਰ ਸੰਸਥਾ ਵੀ ਹਰਿਆਲੀ ਮੁਹਿੰਮ ਤਹਿਤ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੀ ਹੈ ਤਾਂ ਉਹ ਉਨ੍ਹਾਂ ਨੂੰ ਮੁਫਤ ਵਿੱਚ ਬੂਟੇ ਮੁਹੱਈਆ ਕਰਵਾਉਣਗੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਹਰਿਆ ਭਰਿਆ ਅਤੇ ਸਾਫ ਸੁਥਰਾ ਵਾਤਾਵਰਨ ਮਿਲ ਸਕੇ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਹਰਾ ਭਰਾ ਬਣਾਉਣ ਲਈ ਸਾਡੇ ਸਾਰਿਆ ਦੇ ਸਹਿਯੋਗ ਦੀ ਬਹੁਤ ਜਰੂਰਤ ਹੈ। ਉਨ੍ਹਾਂ ਕਿਹਾ ਕਿ ਲੋਕ ਮੁਫਤ ਵਿੱਚ ਬੂਟੇ ਪ੍ਰਾਪਤ ਲਈ 98030-45612 ਨੰਬਰ ਤੇ ਸੰਪਰਕ ਕਰ ਸਕਦੇ ਹਨ ਤੇ ਇਹ ਵੈਨ ਜਿੱਥੇ ਲੋਕਾਂ ਨੂੰ ਘਰ ਵਿੱਚ ਬੂਟਾ ਮੁਹੱਈਆ ਕਰਵਾਏਗੀ ਉੱਥੇ ਲਗਾ ਕੇ ਵੀ ਦੇਵੇਗੀ। ਉਨ੍ਹਾਂ ਕਿਹਾ ਕਿ ਇਹ ਵੈਨ ਲੋਕਾਂ ਨੂੰ ਫਲਦਾਰ, ਫੁੱਲਦਾਰ ਅਤੇ ਛਾਂ ਵਾਲੇ ਬੂਟੇ ਪ੍ਰਦਾਨ ਕਰੇਗੀ ਪਰ ਲੋਕਾਂ ਦੀ ਵੀ ਆਪਣੀ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੂਟੇ ਦੀ ਸਾਂਭ ਸੰਭਾਲ ਪੂਰੀ ਸਿੱਦਤ ਨਾਲ ਕਰਨ। ਉਨ੍ਹਾਂ ਕਿਹਾ ਕਿ ਇਹ ਬੂਟੇ ਵੱਡੇ ਹੋ ਕੇ ਜਿੱਥੇ ਸਾਨੂੰ ਹਰਿਆਲੀ ਪ੍ਰਦਾਨ ਕਰਦੇ ਹਨ ਉੱਥੇ ਫਲ ਤੇ ਛਾਂ ਵੀ ਪ੍ਰਦਾਨ ਕਰਦੇ ਹਨ ਸੋ ਆਓ ਸਾਰੇ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਈਏ।