ਬਰਨਾਲਾ, 28 ਫਰਵਰੀ (ਭੁਪਿੰਦਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫ਼ਦ ਜਗਰਾਜ ਸਿੰਘ ਹਰਦਾਸਪੁਰਾ ਅਤੇ ਨਾਨਕ ਸਿੰਘ ਅਮਲਾ ਸਿੰਘ ਵਾਲਾ ਦੀ ਅਗਵਾਈ ਵਿੱਚ ਬਿਜਲੀ ਸਪਲਾਈ ਦਿਨ ਸਮੇਂ ਦੇਣ ਨੂੰ ਲੈਕੇ ਸੀਨੀਅਰ ਐਕਸੀਅਨ ਸ਼ਹਿਰੀ ਨੂੰ ਮਿਲਿਆ। ਆਗੂਆਂ ਇਸ ਸਮੇਂ ਕਿਹਾ ਕਿ ਕਣਕ ਦੀ ਫ਼ਸਲ ਨੂੰ ਆਖ਼ਰੀ ਪਾਣੀ ਦੀ ਲੋੜ ਚੱਲ ਰਹੀ ਹੈ। ਪੱਕੀ ਕਣਕ ਦੇ ਨੇੜੇ ਢੁੱਕੀ ਕਣਕ ਦੀ ਫ਼ਸਲ ਨੂੰ ਪਾਣੀ ਪੂਰਾ ਧਿਆਨ ਨਾਲ ਲਾਉਣਾ ਪੈਂਦਾ ਹੈ, ਪਰ ਪਾਵਰਕੌਮ ਵੱਲੋਂ ਲੰਬੇ ਸਮੇਂ ਤੋਂ ਹੀ ਲਗਾਤਾਰ ਹੀ ਰਾਤ ਸਮੇਂ ਬਿਜਲੀ ਸਪਲਾਈ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਇੱਕ ਪਾਸੇ ਕਹਿ ਰਹੀ ਹੈ ਕਿ ਉਹ ਕਿਸਾਨਾਂ ਦੀ ਹਿਤੈਸ਼ੀ ਹੈ। ਦੂਜੇ ਪਾਸੇ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾਂਦਾ ਹੈ। ਆਗੂਆਂ ਨੇ ਦੱਸਿਆ ਕਿ ਅੱਜ ਅਸੀਂ ਮੁੱਢਲੇ ਰੂਪ ਵਿੱਚ ਮੰਗ ਪੱਤਰ ਦੇਕੇ ਦਿਨ ਸਮੇਂ ਸਪਲਾਈ ਦੇਣ ਦੀ ਮੰਗ ਕੀਤੀ ਹੈ। ਅਧਿਕਾਰੀਆਂ ਨੇ ਜੇਕਰ ਕਿਸਾਨਾਂ ਦੀ ਇਸ ਸਮੱਸਿਆ ਵੱਲ ਬਣਦਾ ਧਿਆਨ ਦੇ ਕੇ ਦਿਨ ਸਮੇਂ ਸਪਲਾਈ ਯਕੀਨੀ ਨਾ ਬਣਾਈ ਤਾਂ ਜਲਦ ਹੀ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ। ਅੱਜ ਦੇ ਵਫ਼ਦ ਵਿੱਚ ਜੱਗਾ ਸਿੰਘ ਮਹਿਲਕਲਾਂ, ਗੋਰਾ ਸਿੰਘ, ਜੱਗੀ ਸਿੰਘ ਰਾਏਸਰ, ਹਰਪਾਲ ਸਿੰਘ ਹਰਦਾਸਪੁਰਾ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।