ਮੋਰਿੰਡਾ, 11 ਮਾਰਚ : ਦਾਸਤਾਨ ਏ ਸ਼ਹਾਦਤ (ਥੀਮ ਪਾਰਕ) ਅੱਜ ਵੀ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ, ਰੋਜ਼ਾਨਾ ਹੀ ਕਰੀਬ ਇੱਕ ਹਜਾਰ ਸੈਲਾਨੀਆਂ ਦੀ ਸਮਰੱਥਾ ਵਾਲੇ ਦਾਸਤਾਨ ਏ ਸ਼ਹਾਦਤ ਨੂੰ ਹੋਲੇ ਮਹੱਲੇ ਦੌਰਾਨ 10 ਹਜਾਰ ਤੋਂ ਵੀ ਵੱਧ ਸੈਲਾਨੀ ਵੇਖਣ ਲਈ ਪੁੱਜੇ । ਸੈਰ ਸਪਾਟਾ ਵਿਭਾਗ ਦੇ ਐਕਸੀਅਨ ਬੀ ਐਸ ਚਾਨਾ ਅਤੇ ਐਸਡੀਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਸਵਾ ਸਾਲ ਵਿਚ ਇਸ ਪ੍ਰੋਜੈਕਟ ਨੂੰ ਵੇਖਣ ਲਈ 4 ਲੱਖ ਤੋਂ ਵੀ ਵੱਧ ਸੈਲਾਨੀ ਪੁੱਜ ਚੁੱਕੇ ਹਨ । ਸੈਰ ਸਪਾਟਾ ਵਿਭਾਗ ਦੇ ਪ੍ਰੋਜੈਕਟ ਦਾਸਤਾਨ ਏ ਸ਼ਹਾਦਤ ਨੂੰ ਵੇਖਣ ਲਈ ਰੋਜਨਾ ਹੀ ਸਵੇਰ ਤੋਂ ਲੰਮੀਆਂ ਲਾਈਨਾਂ ਲੱਗਣੀਆ ਸ਼ੁਰੂ ਹੋ ਜਾਂਦੀਆਂ ਹਨ ਅਤੇ ਜਦੋਂ ਸੈਲਾਨੀ ਅੰਦਰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਨੂੰ ਵੇਖ ਕੇ ਬਾਹਰ ਆਉਂਦੇ ਹਨ ਤਾਂ ਉਹ ਆਪ ਮੁਹਾਰੇ ਇਸ ਪ੍ਰੋਜੈਕਟ ਦੀ ਤਾਰੀਫ਼ ਕਰਦੇ ਹਨ । ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਆਪ ਖੁਦ ਨਿੱਜੀ ਦਿਲਚਸਪੀ ਲੈ ਕੇ ਮੁਕੰਮਲ ਕਰਵਾਏ ਇਸ ਪ੍ਰੋਜੈਕਟ ਨਾਲ ਸ਼ਹਿਰ ਅੰਦਰ ਸੰਗਤਾਂ ਦੀ ਆਮਦ ਵੀ ਵਧੀ ਹੈ , ਉੱਥੇ ਹੀ ਦੁਕਾਨਦਾਰਾਂ ਵਿਚ ਵੀ ਖੁਸ਼ਹਾਲੀ ਵੇਖਣ ਨੂੰ ਮਿਲ ਰਹੀ ਹੈ । ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਹੋਲੇ ਮਹੱਲੇ ਦੌਰਾਨ ਦਾਸਤਾਨ ਏ ਸ਼ਹਾਦਤ ਦੇ ਸਾਹਮਣੇ ਸਰਹਿੰਦ ਨਹਿਰ ਵਿਚ ਬੋਟਿੰਗ ਲਈਂ ਕਿਸ਼ਤੀਆ ਵੀ ਚਲਾਈਆਂ ਗਈਆਂ, ਜਿੱਥੇ ਸੈਲਾਨੀਆਂ ਨੂੰ ਕੁੱਝ ਸਮਾਂ ਇੰਤਜ਼ਾਰ ਕਰਕੇ ਆਪਣੀ ਵਾਰੀ ਦੀ ਉਡੀਕ ਵੀ ਕਰਨੀ ਪਈ ਸੀ । ਇੱਥੇ ਇਹ ਵੀ ਦੱਸਣਾ ਬਣਦਾ ਹੈ ਹੈ ਕਿ ਦਾਸਤਾਨ ਏ ਸ਼ਹਾਦਤ ਵੇਖਣ ਲਈਂ ਆਉਣ ਵਾਲੇ ਸੈਲਾਨੀਆਂ ਨੂੰ ਪਾਸ ਲੈਣ ਲਈ ਧੁੱਪ ਅਤੇ ਬਰਸਾਤ ਵਿਚ ਖੜਣਾ ਪੈਂਦਾ ਹੈ ਜਿਸ ਕਾਰਨ ਸੈਲਾਨੀ ਬਹੁਤ ਹੀ ਪ੍ਰੇਸ਼ਾਨ ਹੁੰਦੇ ਹਨ । ਸ਼ਹਿਰ ਵਾਸੀਆਂ ਅਤੇ ਸੈਲਾਨੀਆਂ ਨੇ ਵਿਭਾਗ ਤੋਂ ਮੰਗ ਕੀਤੀ ਕਿ ਮੁੱਖ ਗੇਟ ਤੇ ਪਾਸ ਲੈਣ ਵਾਲੇ ਸੈਲਾਨੀਆਂ ਲਈਂ ਸੈੱਡ ਬਣਾਇਆ ਜਾਵੇ ਅਤੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ।