ਲੁਧਿਆਣਾ, 28 ਫਰਵਰੀ : ਕਮਿਸ਼ਨਰੇਟ ਪੁਲਿਸ ਲੁਧਿਆਣਾ ਨੂੰ ਦੋਹਰੇ ਕਤਲ ਕਾਂਡ ਨੂੰ ਸੁਲਝਾਉਣ ਅਤੇ ਦੋਸ਼ੀ ਨੂੰ ਫੜ੍ਹਨ ਵਿੱਚ ਕਾਮਯਾਬੀ ਮਿਲੀ ਹੈ। ਮੁਲਜ਼ਮ ਗਿਰਧਾਰੀ ਲਾਲ ਨੂੰ ਹਰਦੁਆਰ ਹਰ ਕੀ ਪੌੜੀ ਤੋਂ ਗ੍ਰਿਫਤਾਰ ਕੀਤਾ ਗਿਆ ਅਤੇ ਵਾਰਦਾਤ ਵਿੱਚ ਵਰਤਿਆ ਲੋਹੇ ਦਾ ਦਾਤਰ ਵੀ ਬ੍ਰਾਮਦ ਕਰ ਲਿਆ ਗਿਆ ਹੈ। ਮਿਤੀ 26-02-2023 ਨੂੰ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਦਰ, ਲੁਧਿਆਣਾ ਨੂੰ ਇਤਲਾਹ ਮਿਲੀ ਕਿ ਜੋਤ ਡੇਅਰੀ ਫਾਰਮ, ਸੂਆ ਰੋਡ ਪਿੰਡ ਬੁਲਾਰਾ ਵਿਖੇ ਇਕ ਵਿਅਕਤੀ ਨੇ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਹੈ, ਜਿਸਤੇ ਮੁੱਖ ਅਫਸਰ ਥਾਣਾ ਸਦਰ, ਲੁਧਿਆਣਾ ਇੰਸਪੈਕਟਰ ਗੁਰਪ੍ਰੀਤ ਸਿੰਘ ਸਮੇਤ ਅਮਲੇ ਦੇ ਮੌਕਾ ਪਰ ਪੁੱਜੇ। ਜਿਥੇ ਮੌਕਾ ਪਰ ਪੁੱਛ ਪੜਤਾਲ ਕਰਨ ਤੋ ਪਾਇਆ ਗਿਆ ਕਿ ਇਕ ਮ੍ਰਿਤਕ ਜੋਤ ਡੇਅਰੀ ਫਾਰਮ ਦਾ ਮਾਲਕ ਹੈ, ਜਿਸਦਾ ਨਾਮ ਜੋਤ ਰਾਮ ਪੁੱਤਰ ਪ੍ਰਿਥੀ ਚੰਦ, ਉਮਰ 77 ਸਾਲ ਵਾਸੀ ਮਕਾਨ ਨੰਬਰ 1, ਗਲੀ ਨੰਬਰ 3, ਸ਼ਹੀਦ ਬਾਬਾ ਦੀਪ ਸਿੰਘ ਨਗਰ, ਧਾਂਦਰਾ ਰੋਡ, ਲੁਧਿਆਣਾ ਅਤੇ ਦੂਜੇ ਮ੍ਰਿਤਕ ਦਾ ਨਾਮ ਭਗਵੰਤ ਸਿੰਘ ਪੁੱਤਰ ਕਿਸ਼ਨ ਦੇਵ ਉਮਰ 65 ਸਾਲ, ਵਾਸੀ ਮਕਾਨ ਨੰਬਰ 233, ਗਲੀ ਨੰਬਰ 1, ਗੁਰੂ ਨਾਨਕ ਨਗਰ, ਡਾਬਾ ਲੋਹਾਰਾ ਰੋਡ, ਲੁਧਿਆਣਾ ਦਾ ਹੈ। ਜੋ ਇਹਨਾਂ ਦੋਵਾਂ ਦਾ ਕਤਲ ਡੇਅਰੀ ਵਿਚ ਰੱਖੇ ਇਕ ਨੌਕਰ ਗਿਰਧਾਰੀ ਲਾਲ ਪੁੱਤਰ ਰਾਮ ਲਖਣ ਵਾਸੀ ਪਿੰਡ ਡੇਵਾ, ਜਿਲਾ ਬਸਤੀ ਉਤਰ ਪ੍ਰਦੇਸ਼ ਕਰਕੇ ਫਰਾਰ ਹੋ ਗਿਆ। ਮੌਕਾ ਪਰ ਮ੍ਰਿਤਕ ਜੋਤ ਰਾਮ ਦੇ ਲੜਕੇ ਤਰਸੇਮ ਪਾਲ ਦੇ ਬਿਆਨ ਪਰ ਗਿਰਧਾਰੀ ਲਾਲ ਉਕਤ ਦੇ ਖਿਲਾਫ ਮੁਕੱਦਮਾ ਨੰਬਰ 29 ਮਿਤੀ 26-02-2023 ਅਧੀਨ ਧਾਰਾ 302 ਭ:ਦੰਡ, ਥਾਣਾ ਸਦਰ, ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ। ਮੁਕੱਦਮਾ ਉਕਤ ਦੇ ਕਾਤਲ ਗਿਰਧਾਰੀ ਲਾਲ ਨੂੰ ਗ੍ਰਿਫਤਾਰ ਕਰਨ ਲਈ ਕਮਿਸ਼ਨਰ ਪੁਲਿਸ, ਲੁਧਿਆਣਾ, ਜੁਆਇੰਟ ਕਮਿਸ਼ਨਰ ਪੁਲਿਸ, ਦਿਹਾਤੀ, ਲੁਧਿਆਣਾ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਜ਼ੋਨ-2, ਲੁਧਿਆਣਾ ਦੀ ਨਿਗਰਾਨੀ ਹੇਠ ਟੀਮਾਂ ਤਿਆਰ ਕੀਤੀਆ ਗਈਆਂ। ਮੁਲਜ਼ਮ ਨੂੰ ਟਰੇਸ ਕਰਨ ਵਿਚ ਕਈ ਚੁਣੋਤੀਆ ਦਾ ਸਾਹਮਣਾ ਕਰਨ ਦੇ ਬਾਵਜੂਦ, ਜਿਸ ਵਿਚ ਉਸਦੇ ਪਿਛਲੇ ਅਪਰਾਧਿਕ ਰਿਕਾਰਡ, ਪਰਿਵਾਰ ਦਾ ਘਾਟ ਅਤੇ ਮੋਬਾਇਲ ਫੋਨ ਨਾ ਹੋਣਾ ਸ਼ਾਮਲ ਸੀ। ਲੁਧਿਆਣਾ ਪੁਲਿਸ ਨੇ ਦੌਰਾਨੇ ਤਫਤੀਸ਼ ਮੌਕਾ ਵਕੂਆ ਤੋਂ ਸੀ.ਸੀ.ਟੀ.ਵੀ ਫੁਟੇਜ਼ ਚੈਕ ਕਰਨ ਤੋ ਪਤਾ ਲੱਗਾ ਕਿ ਦੋਸ਼ੀ ਗਿਰਧਾਰੀ ਲਾਲ ਰੇਲਵੇ ਸਟੇਸ਼ਨ ਨੇੜੇ ਆਟੋ ਰਿਕਸ਼ਾ ਤੇ ਸਵਾਰ ਹੋ ਕੇ ਸ਼ੇਰਪੁਰ ਚੌਕ ਤੋਂ ਬੱਸ ਵਿਚ ਸਵਾਰ ਹੋ ਗਿਆ, ਜੋ ਅੰਬਾਲਾ ਵੱਲ ਜਾ ਰਹੀ ਸੀ। ਪੁਲਿਸ ਟੀਮਾਂ ਨੇ ਹਰਿਆਣਾ ਰੋਡਵੇਜ਼ ਨਾਲ ਮਿਲਕੇ ਬੱਸ ਨੂੰ ਟਰੈਕ ਕਰਨ ਦਾ ਕੰਮ ਕੀਤਾ ਤਾਂ ਪਾਇਆ ਗਿਆ ਕਿ ਦੋਸ਼ੀ ਗਿਰਧਾਰੀ ਲਾਲ ਅੰਬਾਲਾ ਬੱਸ ਸਟੈਂਡ ਤੇ ਉਤਰ ਗਿਆ ਸੀ। ਹੋਰ ਡੂੰਘਾਈ ਨਾਲ ਜਾਂਚ ਕਰਨ ਤੇ ਪਤਾ ਲੱਗਾ ਕਿ ਦੋਸ਼ੀ ਯਮੁਨਾ ਨਗਰ ਵੱਲ ਜਾ ਰਹੀ ਇਕ ਹੋਰ ਬੱਸ ਵਿਚ ਸਵਾਰ ਹੋ ਕੇ ਜਗਾਧਰੀ ਵਿਖੇ ਚੜ੍ਹ ਗਿਆ ਸੀ। ਬੱਸ ਸਟੈਂਡ 'ਤੇ ਸੀ.ਸੀ.ਟੀ.ਵੀ ਕੈਮਰੇ ਨਾ ਹੋਣ ਦੇ ਬਾਵਜੂਦ ਪੁਲਿਸ ਟੀਮਾਂ ਨੇ ਆਪਣੀਆਂ ਕੋਸ਼ਿਸਾਂ ਜਾਰੀ ਰੱਖੀਆਂ। ਸਥਾਨਕ ਲੋਕਾਂ ਦੀ ਪੁੱਛਗਿਛ ਅਤੇ ਇਕ ਦੁਕਾਨਦਾਰ ਨੂੰ ਲੱਭ ਲਿਆ, ਜਿਸਨੇ ਗਿਰਧਾਰੀ ਲਾਲ ਨੂੰ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਘੁੰਮਦੇ ਦੇਖਿਆ ਸੀ। ਪੁਲਿਸ ਟੀਮਾਂ ਨੇ ਸਟੇਸ਼ਨ ਮਾਸਟਰ ਅਤੇ ਸਥਾਨਕ ਡਰਾਈਵਰਾਂ ਪਾਸੋਂ ਵੀ ਡੂੰਘਾਈ ਨਾਲ ਪੁੱਛਗਿਛ ਕੀਤੀ ਅਤੇ ਪਤਾ ਲੱਗਾ ਕਿ ਦੋਸ਼ੀ ਜ਼ਿਲ੍ਹਾ ਹਰਦੁਆਰਾ (ਉਤਰਾਖੰਡ) ਵੱਲ ਨੂੰ ਭੱਜ ਗਿਆ ਹੈ।ਜਿਸ 'ਤੇ ਇੰਸਪੈਕਟਰ ਸੁਖਦੇਵ ਸਿੰਘ, ਮੁੱਖ ਅਫਸਰ ਥਾਣਾ ਸਾਹਨੇਵਾਲ, ਲੁਧਿਆਣਾ ਅਤੇ ਇੰਸਪੈਕਟਰ ਗੁਰਪ੍ਰੀਤ ਸਿੰਘ, ਮੁੱਖ ਅਫਸਰ ਥਾਣਾ ਸਦਰ, ਲੁਧਿਆਣਾ ਵੱਲੋਂ ਦੋਸ਼ੀ ਦਾ ਪਿੱਛਾ ਕਰਦੇ ਹੋਏ ਮਿਤੀ 27-02-2023 ਨੂੰ ਮੁਕੱਦਮਾ ਹਜਾ ਦੇ ਦੋਸ਼ੀ ਗਿਰਧਾਰੀ ਲਾਲ ਉਕਤ ਨੂੰ ਹਰਦੁਆਰ ਹਰ ਕੀ ਪੌੜੀ, ਨੇੜੇ ਮਨਸ਼ਾ ਦੇਵੀ ਦੇ ਮੰਦਰ ਤੋਂ ਗ੍ਰਿਫਤਾਰ ਕਰਨ ਵਿਚ ਕਾਮਯਾਬੀ ਹਾਸਲ ਕੀਤੀ ਅਤੇ ਦੋਸ਼ੀ ਪਾਸੋਂ ਵਾਰਦਾਤ ਵਿਚ ਵਰਤਿਆ ਦਾਤਰ ਲੋਹਾ ਵੀ ਬ੍ਰਾਮਦ ਕਰਨ ਵਿੱਚ ਕਾਮਯਾਬ ਹੋਏ।