ਲੁਧਿਆਣਾ, 14 ਮਾਰਚ : ਪੰਜਾਬ 'ਚ ਕਾਂਗਰਸੀ ਆਗੂਆਂ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਜਾ ਰਹੀ ਹਨ। ਸਾਧੂ ਸਿੰਘ ਧਰਮਸੋਤ, ਭਾਰਤ ਭੂਸ਼ਣ ਆਸ਼ੂ ਤੋਂ ਬਾਅਦ ਹੁਣ ਲੁਧਿਆਣਾ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ 'ਤੇ ਵਿਜੀਲੈਂਸ ਨੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ। ਦੱਸ ਦਈਏ ਕਿ ਲੁਧਿਆਣਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਵਿਜ਼ੀਲੈਂਸ ਦੀ ਜਾਂਚ ਕਰੀਬ 9 ਘੰਟੇ ਚੱਲੀ। ਇਸ ਦੌਰਾਨ ਉਨ੍ਹਾਂ ਦੇ ਘਰੋਂ ਭਾਰਤੀ ਅਤੇ ਵਿਦੇਸ਼ੀ ਸ਼ਰਾਬ ਦੀਆਂ 73 ਬੋਤਲਾਂ ਬਰਾਮਦ ਹੋਈਆਂ ਸਨ। ਮੀਡੀਆ ਰਿਪੋਰਟ ਅਨੁਸਾਰ ਕੁਲਦੀਪ ਵੈਦ ਅਤੇ ਉਨ੍ਹਾਂ ਦੇ ਬੇਟੇ ਦੇ ਕੋਲ ਐਲ - 50 ਐਕਸਾਈਜ਼ ਲਾਇਸੰਸ ਹੈ। ਇਸਦੇ ਤਹਿਤ ਉਹ 24 ਬੋਤਲਾਂ ਆਪਣੇ ਘਰ ਰੱਖ ਸਕਦੇ ਹਨ, ਪਰ ਉਨ੍ਹਾਂ ਦੇ ਘਰ ਤੋਂ ਤੈਅ ਗਿਣਤੀ ਤੋਂ ਜਿਆਦਾ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਹਨ। ਪੁਲਿਸ ਨੇ ਉਨ੍ਹਾਂ ਦੇ ਖਿਲਾਫ ਐਕਸਾਈਜ਼ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ। ਵਿਜ਼ੀਲੈਂਸ ਟੀਮ ਨੇ ਵੈਦ ਦੇ ਘਰ ਤੋਂ ਨਗਦੀ ਅਤੇ ਗੋਲਡ ਵੀ ਬਰਾਮਦ ਕੀਤਾ। ਦੱਸਣਯੋਗ ਹੈ ਕਿ ਸਾਬਕਾ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਬੀਤੇ ਦਿਨ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਇਹ ਛਾਪੇਮਾਰੀ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ 'ਚ ਕੀਤੀ ਗਈ ਸੀ। ਸਾਬਕਾ ਵਿਧਾਇਕ ਦੇ ਘਰ ਜਾਂਚ ਲਈ ਚੰਡੀਗੜ੍ਹ ਤੋਂ ਤਕਨੀਕੀ ਟੀਮਾਂ ਪੁੱਜੀਆਂ ਸਨ, ਜਿਸ ਦੌਰਾਨ ਉਨ੍ਹਾਂ ਦੇ ਘਰੋਂ ਮਹਿੰਗੀ ਅਤੇ ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਬਰਾਮਦ ਕੀਤੀਆਂ ਗਈਆਂ।