ਬਰਨਾਲਾ, 28 ਫਰਵਰੀ (ਭੁਪਿੰਦਰ ਧਨੇਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸੂਬਾਈ ਮੀਟਿੰਗ ਸੂਬਾ ਕਾਰਜਕਾਰੀ ਪ੍ਰਧਾਨ ਮਨਜੀਤ ਸਿੰਘ ਧਨੇਰ ਦੀ ਅਗਵਾਈ ਵਿੱਚ ਹੋਈ। ਮੀਟਿੰਗ ਵਿੱਚ ਵਿਚਾਰੇ ਗਏ ਅਹਿਮ ਮਸਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਕਾਰਜਕਾਰੀ ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਨੇ ਦੱਸਿਆ ਕਿ 20 ਮਾਰਚ ਐਸਕੇਐਮ ਦੇ ਸੱਦੇ ਤੇ ਪਾਰਲੀਮੈਂਟ ਵੱਲ ਕੀਤੇ ਜਾਣ ਵਾਲੇ ਮਾਰਚ ਵਿੱਚ ਹਜ਼ਾਰਾਂ ਜੁਝਾਰੂ ਕਿਸਾਨ ਕਾਫ਼ਲਿਆਂ ਦੀ ਸ਼ਮੂਲੀਅਤ ਕਰਨ ਲਈ ਵਿਉਂਤਬੰਦੀ ਕੀਤੀ ਗਈ। ਮੀਟਿੰਗ ਵਿੱਚ ਪਹੁੰਚੇ ਸਾਰੇ ਜ਼ਿਲ੍ਹਿਆਂ ਦੇ ਪ੍ਰਧਾਨ, ਸਕੱਤਰ ਅਤੇ ਖ਼ਜ਼ਾਨਚੀਆਂ ਨੇ ਜਨਰਲ ਕੌਂਸਲ ਤੋਂ ਬਾਅਦ ਪੂਰੇ ਉਤਸ਼ਾਹ ਨਾਲ ਵਿਚਾਰੇ ਗਏ ਮਸਲਿਆਂ ਵਿੱਚ ਭਾਗ ਲਿਆ। ਮੀਟਿੰਗ ਵਿੱਚ 14 ਫਰਵਰੀ ਦੀ ਸੂਬਾ ਜਨਰਲ ਕੌਂਸਲ ਅਤੇ 20 ਫਰਵਰੀ ਕੌਮੀ ਇਨਸਾਫ਼ ਮੋਰਚਾ ਦੀ ਅਗਵਾਈ ਵਿੱਚ ਸਿੱਖ ਬੰਦੀਆਂ ਦੀ ਰਿਹਾਈ ਲਈ ਚੱਲ ਰਹੇ ਮੋਰਚੇ ਵਿੱਚ ਕੀਤੀ ਗਈ ਸ਼ਮੂਲੀਅਤ ਸਬੰਧੀ ਰੀਵਿਊ ਕੀਤਾ ਗਿਆ। ਜਨਰਲ ਕੌਂਸਲ ਵੱਲੋਂ ਮਰਹੂਮ ਬਲਕਾਰ ਸਿੰਘ ਡਕੌਂਦਾ ਦੇ ਹੱਥੀਂ ਲਾਏ ਸਜੀਵ ਬੂਟੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਪਾਸ ਕੀਤੇ ਮਤਿਆਂ ਉੱਤੇ ਦ੍ਰਿੜਤਾ ਨਾਲ ਪਹਿਰਾ ਦੇਣ ਦਾ ਲਈ ਭਵਿੱਖ ਦੇ ਕਾਰਜਾਂ ਦੀ ਨਿਸ਼ਾਨਦੇਹੀ ਕੀਤੀ ਗਈ। ਕੌਮੀ ਇਨਸਾਫ਼ ਮੋਰਚੇ ਵਿੱਚ ਕੀਤੀ ਗਈ ਸ਼ਮੂਲੀਅਤ ਉੱਤੇ ਤਸੱਲੀ ਪ੍ਰਗਟ ਕੀਤੀ ਗਈ। ਮੰਗ ਕੀਤੀ ਕਿ ਸਿੱਖ ਬੰਦੀਆਂ ਸਮੇਤ ਪੂਰੇ ਮੁਲਕ ਵਿੱਚ ਸਜ਼ਾ ਪੂਰੀ ਕਰ ਚੁੱਕੇ ਘੱਟ ਗਿਣਤੀਆਂ, ਆਦਿਵਾਸੀਆਂ, ਦਲਿਤਾਂ ਨੂੰ ਰਿਹਾਅ ਕੀਤਾ ਜਾਵੇ। ਦੇਸ਼ ਧ੍ਰੋਹ ਦੇ ਮੁਕੱਦਮਿਆਂ ਵਿੱਚ ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ, ਵਿਦਿਆਰਥੀਆਂ ਅਤੇ ਪੱਤਰਕਾਰਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ ਗਈ। 8 ਮਾਰਚ ਕੌਮਾਂਤਰੀ ਔਰਤ ਦਿਵਸ ਮੌਕੇ ਵੱਖ-ਵੱਖ ਥਾਵਾਂ'ਤੇ ਕਿਸਾਨ ਔਰਤ ਕਾਰਕੁੰਨਾਂ ਦੀਆਂ ਬਰਨਾਲਾ, ਮਾਨਸਾ, ਬਠਿੰਡਾ, ਜਗਰਾਓਂ ਵਿਖੇ ਇਕੱਤਰਤਾਵਾਂ ਕਰਨ ਦਾ ਤਹਿ ਕੀਤਾ ਗਿਆ। 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਬਠਿੰਡਾ, ਬਰਨਾਲਾ, ਜਗਰਾਓਂ, ਹੁਸੈਨੀਵਾਲਾ ਵਿਖੇ ਵਿਸ਼ਾਲ ਕਨਵੈਨਸ਼ਨਾਂ/ਮਾਰਚ ਕਰਨ ਦਾ ਫ਼ੈਸਲਾ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫ਼ਸਲ ਦੀ ਹੋਈ ਬਰਬਾਦੀ, ਮੂੰਗੀ ਦੀ ਫ਼ਸਲ ਦਾ ਰਹਿੰਦਾ ਬਕਾਇਆ ਅਤੇ ਲੰਪੀ ਸਕਿਨ ਬਿਮਾਰੀ ਕਾਰਨ ਪਸ਼ੂ ਧਨ ਦੇ ਹੋਏ ਨੁਕਸਾਨ ਦੀ ਪੂਰਤੀ ਨਾ ਕਰਨ ਖ਼ਿਲਾਫ਼ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਗਿਆ। ਕਣਕ ਦੀ ਫ਼ਸਲ ਲਈ ਦਿਨ ਸਮੇਂ ਬਿਜਲੀ ਸਪਲਾਈ ਦੇਣ ਦੀ ਮੰਗ ਕੀਤੀ ਗਈ। ਮੌਜੂਦਾ ਕਾਰਪੋਰੇਟੀ ਖੇਤੀਬਾੜੀ ਮਾਡਲ ਦੀ ਥਾਂ ਕਿਸਾਨ, ਕੁਦਰਤ, ਸਮਾਜ ਪੱਖੀ ਨੀਤੀ ਦਾ ਖਰੜਾ ਜਲਦ ਤਿਆਰ ਕਰਨ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਪੰਜਾਬ ਦੇ ਕਿਸਾਨਾਂ ਦੀਆਂ ਅਹਿਮ ਮੰਗਾਂ ਦਾ ਮੰਗ ਪੱਤਰ ਤਿਆਰ ਕਰਕੇ ਲਈ ਹੇਠਾਂ ਤੱਕ ਲਿਜਾਕੇ ਸੁਝਾਅ ਲੈਣ ਦਾ ਤਹਿ ਕੀਤਾ ਗਿਆ। ਇਸ ਮੌਕੇ ਜੱਥੇਬੰਦੀ ਵੱਲੋਂ ਸੀਬੀਆਈ ਵੱਲੋਂ ਕਿਸਾਨ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਹਰਿੰਦਰ ਸਿੰਘ ਲੱਖੋਵਾਲ ਅਤੇ ਸਤਨਾਮ ਸਿੰਘ ਬਹਿਰੇ ਦੇ ਕਾਰੋਬਾਰਾਂ ਉੱਪਰ ਕੀਤੀ ਗਈ ਛਾਪੇਮਾਰੀ ਦੀ ਸਖ਼ਤ ਨਿਖੇਧੀ ਕੀਤੀ ਗਈ। ਹਕੂਮਤ ਨੂੰ ਚਿਤਾਵਨੀ ਦਿੱਤੀ ਕਿ ਅਜਿਹਾ ਕਰਨ ਦੀ ਕਦਾਚਿੱਤ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਮੀਟਿੰਗ ਵਿੱਚ ਗੁਰਦੀਪ ਸਿੰਘ ਰਾਮਪੁਰਾ, ਹਰੀਸ਼ ਕੰਬੋਜ ਨੱਢਾ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜ੍ਹ, ਬਲਵਿੰਦਰ ਸਿੰਘ ਜੇਠੂਕੇ, ਕੁਲਵੰਤ ਸਿੰਘ ਭਦੌੜ, ਮਹਿੰਦਰ ਸਿੰਘ ਦਿਆਲਪੁਰਾ, ਕਰਮਜੀਤ ਸਿੰਘ ਛੰਨਾਂ, ਜਗਤਾਰ ਸਿੰਘ ਦੇਹੜਕਾ, ਪਰਮਿੰਦਰ ਸਿੰਘ ਮੁਕਤਸਰ, ਸੁਖਚੈਨ ਸਿੰਘ ਰਾਮਾ, ਸਾਹਿਬ ਸਿੰਘ ਬਡਬਰ, ਹਰਵਿੰਦਰ ਸਿੰਘ ਕੋਟਲੀ, ਦੇਵੀ ਰਾਮ ਮਾਨਸਾ, ਸੁਖਦੇਵ ਸਿੰਘ ਬਾਲਦ ਕਲਾਂ, ਗੁਲਜ਼ਾਰ ਸਿੰਘ ਕੱਬਰਵੱਛਾ, ਦਰਸ਼ਨ ਸਿੰਘ ਕੜਮਾ, ਇੰਦਰਜੀਤ ਸਿੰਘ ਜਗਰਾਓਂ, ਗੁਰਦੀਪ ਸਿੰਘ ਖੁੱਡੀਆਂ, ਜਗਰਾਜ ਸਿੰਘ, ਹਰਮੀਤ ਸਿੰਘ, ਹਰਮੰਦਰ ਸਿੰਘ ਭਾਗੀਕੇ ਆਦਿ ਆਗੂਆਂ ਨੇ ਅਪ੍ਰੈਲ ਮਹੀਨੇ ਤੋਂ ਯੂਨੀਅਨ ਦੀ ਨਵੀਂ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਸੁਝਾਅ ਦਿੱਤਾ।