- ਤਿਉਹਾਰਾਂ ਅਤੇ ਵਾਢੀ ਦੇ ਮੱਦੇਨਜ਼ਰ ਲੋਕ 50,000 ਰੁਪਏ ਤੋਂ ਵੱਧ ਦੀ ਨਕਦੀ ਦਾ ਸਬੂਤ ਨਾਲ ਰੱਖਣ: ਏ.ਡੀ.ਸੀ
- ਆਮ ਲੋਕਾਂ ਨੂੰ ਪ੍ਰੇਸ਼ਾਨੀ ਨਾ ਆਉਣ ਦੇਣਾ ਯਕੀਨੀ ਬਣਾਉਣ ਦੇ ਟੀਮਾਂ ਨੂੰ ਨਿਰਦੇਸ਼
ਬਰਨਾਲਾ, 18 ਅਕਤੂਬਰ 2024 : ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਬਰਨਾਲਾ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਦੇ ਮੱਦੇਨਜ਼ਰ ਬਿਨਾਂ ਸਬੂਤਾਂ ਦੇ 50,000 ਰੁਪਏ ਤੋਂ ਵੱਧ ਦੀ ਨਗਦੀ ਲੈ ਕੇ ਜਾਣ ਦੀ ਮਨਾਹੀ ਹੈ। ਇਹ ਪ੍ਰਗਟਾਵਾ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਲਤੀਫ਼ ਅਹਿਮਦ ਨੇ ਜ਼ਿਲ੍ਹੇ ਅੰਦਰ ਲਾਗੂ ਚੋਣ ਜ਼ਾਬਤੇ ਦੇ ਮੱਦੇਨਜ਼ਰ ਬੈਂਕਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ 50000 ਰੁਪਏ ਤੋਂ ਵੱਧ ਦੀ ਕਿਸੇ ਵੀ ਤਰ੍ਹਾਂ ਦੀ ਨਕਦੀ ਨਾਲ ਲਿਜਾਣ ਦੇ ਦਸਤਾਵੇਜ਼ ਹੋਣੇ ਚਾਹੀਦੇ ਹਨ। ਇਹ ਉਨ੍ਹਾਂ ਲੋਕਾਂ 'ਤੇ ਵੀ ਲਾਗੂ ਹੁੰਦਾ ਹੈ ਜੋ ਦੂਜੇ ਜ਼ਿਲ੍ਹਿਆਂ ਨੂੰ ਜਾਂਦੇ ਸਮੇਂ ਜ਼ਿਲ੍ਹਾ ਬਰਨਾਲਾ ਵਿਚੋਂ ਲੰਘਦੇ ਹਨ। ਉਨ੍ਹਾਂ ਕਿਹਾ ਕਿ ਤਿਉਹਾਰਾਂ, ਵਿਆਹਾਂ ਅਤੇ ਵਾਢੀ ਦੇ ਸੀਜ਼ਨ ਕਾਰਨ ਲੋਕ ਆਮ ਤੌਰ 'ਤੇ ਵੱਧ ਨਕਦੀ ਲੈ ਕੇ ਜਾਂਦੇ ਹਨ। ਅਜਿਹੇ ਮਾਮਲਿਆਂ ਵਿੱਚ ਕਿਸੇ ਕਿਸਮ ਦੀ ਪਰੇਸ਼ਾਨੀ ਤੋਂ ਬਚਣ ਲਈ ਲੋੜੀਂਦੇ ਦਸਤਾਵੇਜ਼ਾਂ ਨੂੰ ਨਾਲ ਰੱਖਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਚੋਣ ਅਫ਼ਸਰ ਸ੍ਰੀਮਤੀ ਪੂਨਮਦੀਪ ਕੌਰ ਦੀਆਂ ਹਦਾਇਤਾਂ ਅਨੁਸਾਰ ਚੈਕਿੰਗ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਕੋਈ ਮਨਸ਼ਾ ਨਹੀਂ ਹੈ। ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਚੈਕਿੰਗ ਅਤੇ ਰਕਮ ਦੀ ਸੀਲਿੰਗ ਕਾਰਨ ਆਮ ਆਦਮੀ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਨ੍ਹਾਂ ਹਦਾਇਤ ਕੀਤੀ ਕਿ ਅਧਿਕਾਰੀ ਲੋਕਾਂ ਨੂੰ ਉਪਰੋਕਤ ਨਕਦੀ ਲਈ ਸਹਾਇਕ ਦਸਤਾਵੇਜ਼ਾਂ ਵਜੋਂ ਨੱਥੀ ਕੀਤੇ ਜਾਣ ਵਾਲੇ ਦਸਤਾਵੇਜ਼ਾਂ ਬਾਰੇ ਮਾਰਗਦਰਸ਼ਨ ਕਰਨ। ਇਸ ਦੌਰਾਨ ਉਨ੍ਹਾਂ ਬੈਂਕਰਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਬੈਂਕ ਲੈਣ-ਦੇਣ ਦੀ ਸੂਚਨਾ ਜ਼ਿਲ੍ਹਾ ਚੋਣ ਅਫ਼ਸਰ ਨੂੰ ਦਿੱਤੀ ਜਾਵੇ। ਪ੍ਰਿੰਟਿੰਗ ਪ੍ਰੈਸ ਦੇ ਮਾਲਕਾਂ ਅਤੇ ਪ੍ਰਕਾਸ਼ਕਾਂ ਨਾਲ ਕੀਤੀ ਮੀਟਿੰਗ ਦੌਰਾਨ ਉਨ੍ਹਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਗਏ। ਉਨ੍ਹਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਕਿ ਕੋਈ ਵੀ ਸਮੱਗਰੀ ਪ੍ਰਕਾਸ਼ਕ ਅਤੇ ਪ੍ਰਕਾਸ਼ਿਤ ਕਰਨ ਵਾਲੇ ਵਿਅਕਤੀ ਦੇ ਨਾਂ ਦੇ ਵੇਰਵੇ ਤੋਂ ਬਿਨਾਂ ਪ੍ਰਕਾਸ਼ਿਤ ਨਾ ਕੀਤੀ ਜਾਵੇ। ਇਸ ਮੌਕੇ ਜ਼ਿਲ੍ਹਾ ਮਾਲ ਅਫ਼ਸਰ ਗੁਰਜਿੰਦਰ ਸਿੰਘ ਵੀ ਹਾਜ਼ਰ ਸਨ।