- ਬੋਲਣ ਅਤੇ ਸੁਣਨ ਤੋਂ ਅਸਮਰੱਥ 12 ਨੌਜਵਾਨਾਂ ਨੂੰ ਟ੍ਰਾਈਡੈਂਟ ਵਿੱਚ ਦਿਵਾਈ ਨੌਕਰੀ, 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਮਿਲੇਗੀ ਤਨਖਾਹ
- ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਪਹਿਲੇ ਬੈਚ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ
- ਹੋਰਾਂ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਨੂੰ ਵੀ ਦਿੱਤੀ ਜਾਵੇਗੀ ਹੁਨਰ ਸਿਖਲਾਈ: ਪੂਨਮਦੀਪ ਕੌਰ
- ਭਾਵੁਕ ਹੋਏ ਮਾਪੇ, ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ
ਬਰਨਾਲਾ, 25 ਅਗਸਤ : ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਆਈਏਐੱਸ ਦੀ ਅਗਵਾਈ ਹੇਠ ਦਿਵਿਆਂਗਜਨ ਨੌਜਵਾਨਾਂ ਲਈ ਰੋਜ਼ਗਾਰ ਦੇ ਦਰ ਖੋਲ੍ਹਣ ਦੀ ਪਹਿਲ ਕੀਤੀ ਗਈ ਹੈ, ਜਿਸ ਬਦੌਲਤ ਪਹਿਲੇ ਪੜਾਅ ਵਿੱਚ 12 ਨੌਜਵਾਨਾਂ ਨੂੰ ਟ੍ਰਾਈਡੈਂਟ ਵਿੱਚ ਰੋਜ਼ਗਾਰ ਮਿਲਿਆ ਹੈ, ਇਨ੍ਹਾਂ ਵਿੱਚੋਂ 10 ਨੌਜਵਾਨ ਜ਼ਿਲ੍ਹਾ ਬਰਨਾਲਾ ਨਾਲ ਸਬੰਧਤ ਹਨ। ਡਿਪਟੀ ਕਮਿਸ਼ਨਰ ਬਰਨਾਲਾ ਨੇ ਦੱਸਿਆ ਕਿ ਉਦੈ (ਅਪਸਕਿÇਲੰਗ ਐਂਡ ਡਿਵੈਲਪਮੈਂਟ ਆਫ ਪੀਬਡਲਿਊਡੀ ਯੂਥ) ਪ੍ਰਾਜੈਕਟ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੋਜ਼ਗਾਰ ਦਿਵਾਉਣ ਦੀ ਮੁਹਿੰਮ ਚਲਾਈ ਗਈ ਹੈ। ਇਸ ਤਹਿਤ ਸਿੱਖਿਆ ਵਿਭਾਗ, ਰੋਜ਼ਗਾਰ ਬਿਓਰੋ ਤੇ ਪਵਨ ਸੇਵਾ ਸਮਿਤੀ ਸਕੂਲ ਬਰਨਾਲਾ ਨਾਲ ਤਾਲਮੇਲ ਕੀਤਾ ਗਿਆ। ਇਸ ਮਗਰੋਂ ਦਿਵਿਆਂਗਜਨ ਨੌਜਵਾਨਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਤੇ ਇਨ੍ਹਾਂ ਨੌਜਵਾਨਾਂ ਦੀ ਜ਼ਿਲ੍ਹਾ ਰੋਜ਼ਗਾਰ ਬਿਓਰੋ ਵਿਖੇ ਸਕਰੀਨਿੰਗ ਕੀਤੀ ਗਈ ਤੇ ਇੰਟਰਵਿਊ ਦੇ ਗੁਰ ਸਿਖਾਏ ਗਏ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਰਨਾਲਾ ਤੋਂ ਇਲਾਵਾ ਆਸ-ਪਾਸ ਦੇ ਜ਼ਿਲਿ੍ਹਆਂ ਤੋਂ ਵੀ ਅਰਜ਼ੀਆਂ ਪ੍ਰਾਪਤ ਹੋਈਆਂ ਤੇ ਉਨ੍ਹਾਂ ਨੌਜਵਾਨਾਂ ਦੇ ਵੀ ਕਾਊਂਸÇਲੰਗ ਸੈਸ਼ਨ ਹੋਏ, ਜਿਸ ਮਗਰੋਂ ਚੁਣੇ ਹੋਏ ਉਮੀਦਵਾਰਾਂ ਦੀ ਟ੍ਰਾਈਡੈਂਟ ਗਰੁੱਪ ਵਿੱਚ ਇੰਟਰਵਿਊ ਹੋਈ ਅਤੇ 12 ਨੌਜਵਾਨਾਂ ਦੀ ਚੈੱਕਰ ਅਤੇ ਪੈਕਰ, ਸਿਲਾਈ ਮਸ਼ੀਨ ਅਪਰੇਟਰ ਵਜੋਂ ਚੋਣ ਹੋਈ, ਜਿਨ੍ਹਾਂ ਵਿੱਚ 10 ਨੌਜਵਾਨ ਬਰਨਾਲਾ ਜ਼ਿਲ੍ਹੇ ਨਾਲ ਸਬੰਧਤ ਹਨ, ਜੋ ਬੋਲਣ ਅਤੇ ਸੁਣਨ ਤੋਂ ਅਸਮਰੱਥ ਹਨ। ਇਨ੍ਹਾਂ ਨੌਜਵਾਨਾਂ ਨੂੰ 18 ਹਜ਼ਾਰ ਰੁਪਏ ਮਹੀਨਾ ਤਨਖਾਹ ਮਿਲੇਗੀ, ਜਿਸ ਨਾਲ ਉਹ ਆਪਣੇ ਪਰਿਵਾਰਾਂ ਦਾ ਸਹਾਰਾ ਬਣ ਸਕਣਗੇ। ਇਨ੍ਹਾਂ ’ਚੋਂ ਬਹੁਤੇ ਨੌਜਵਾਨਾਂ ਪਵਨ ਸੇਵਾ ਸਮਿਤੀ ਸਕੂਲ ਅਤੇ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਨਾਲ ਸਬੰਧਤ ਹਨ, ਜੋ 10ਵੀਂ/ਬਾਰ੍ਹਵੀਂ ਪਾਸ ਕਰ ਚੁੱਕੇ ਹਨ ਅਤੇ ਕਈ ਨੌਜਵਾਨਾਂ ਹੁਣ ਬਾਰ੍ਹਵੀਂ ਕਰ ਰਹੇ ਹਨ। ਅੱਜ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਵੱਲੋਂ ਇਸ ਪਹਿਲੇ ਬੈਚ ਨਾਲ ਮੁਲਾਕਾਤ ਕੀਤੀ ਗਈ ਤੇ ਨੌਜਵਾਨਾਂ ਦੀ ਹੌਸਲਾ ਅਫਜ਼ਾਈ ਕੀਤੀ ਗਈ। ਉਨ੍ਹਾਂ ਕਿ ਆਉਂਦੇ ਸਮੇਂ ਵੀ ਵਿਸ਼ੇਸ਼ ਲੋੜਾਂ ਵਾਲੇ ਨੌਜਵਾਨਾਂ ਨੂੰ ਆਰਸੇਟੀ ਰਾਹੀਂ ਸਿਖਲਾਈ ਦਿਵਾਈ ਜਾਵੇਗੀ ਅਤੇ ਉਨ੍ਹਾਂ ਨੂੰ ਰੋਜ਼ਗਾਰ ਦੇ ਕਾਬਿਲ ਬਣਾਇਆ ਜਾਵੇਗਾ। ਇਸ ਮੌਕੇ ਨੌਕਰੀ ਲਈ ਚੁਣੇ ਨੌਜਵਾਨਾਂ ਦੇ ਮਾਪੇ ਵੀ ਹਾਜ਼ਰ ਸਨ, ਜਿਨ੍ਹਾਂ ਲਈ ਇਹ ਬੇਹੱਦ ਭਾਵੁਕ ਪਲ ਸਨ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਹੁਣ ਇਹ ਬੱਚੇ ਜਿੱਥੇ ਆਪਣੇ ਪੈਰਾਂ ’ਤੇ ਖੜ੍ਹੇ ਹੋਣਗੇ, ਉਥੇ ਸਾਡਾ ਵੀ ਸਹਾਰਾ ਬਣਨਗੇ। ਪਿੰਡ ਫਰਵਾਹੀ ਨਾਲ ਸਬੰਧਤ ਬਹਾਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਤਿੰਨ ਬੇਟੇ ਹਨ, ਜੋ ਕਿ ਸੁਣਨ ਅਤੇ ਬੋਲਣ ਤੋਂ ਅਸਮਰੱਥ ਹਨ। ਉਹ ਖ਼ੁਦ ਭੱਠੇ ’ਤੇ ਕੰਮ ਕਰਦੇ ਹਨ ਤੇ ਆਰਥਿਕ ਹਾਲਤ ਬਹੁਤੀ ਚੰਗੀ ਨਹੀਂ ਹੈ। ਅੱਜ ਉਨ੍ਹਾਂ ਦੇ ਪੁੱਤ ਜੋਧਾ ਸਿੰਘ ਨੂੰ ਨੌਕਰੀ ਮਿਲ ਗਈ ਹੈ, ਜਿਸ ਨਾਲ ਪਰਿਵਾਰ ਨੂੰ ਉਮੀਦ ਜਾਗੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਦਾ ਧੰਨਵਾਦ ਕੀਤਾ। ਨੌਕਰੀ ਲਈ ਚੁਣੇ ਜਗਦੀਪ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਸ਼ਹਿਣਾ ਨੇ ਦੱਸਿਆ ਕਿ ਉਹ ਕੋਲ ਸਿਰਫ 10 ਕਨਾਲਾਂ ਜ਼ਮੀਨ ਹੈ, ਜਿਸ ’ਤੇ ਉਹ ਖੇਤੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜਦੋਂ ਜਗਦੀਪ ਨੂੰ ਨੌਕਰੀ ਲਈ ਚੁਣੇ ਜਾਣ ਦਾ ਪਤਾ ਲੱਗਿਆ ਤਾਂ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਸੇ ਤਰ੍ਹਾਂ ਮਹਿਲ ਕਲਾਂ ਦੇ ਪਿੰਡ ਗਾਗੇਵਾਲ ਦੇ ਹਰਜੋਤ ਸਿੰਘ ਨੂੰ ਨੌਕਰੀ ਮਿਲੀ ਹੈ, ਜਿਸ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ ਹਰਜੋਤ ਉਨ੍ਹਾਂ ਦਾ ਇਕਲੌਤਾ ਪੁੱਤ ਹੈ ਤੇ ਉਹ ਸੁਣਨ ਤੇ ਬੋਲਣ ਤੋਂ ਅਸਮਰੱਥ ਹੋਣ ਕਾਰਨ ਉਸ ਦੇ ਰੋਜ਼ਗਾਰ ਦੀ ਚਿੰਤਾ ਸਤਾਉਂਦੀ ਸੀ। ਹੁਣ ਉਹ ਬੇਹੱਦ ਖੁਸ਼ ਹਨ। ਜ਼ਿਕਰਯੋਗ ਹੈ ਕਿ ਇਹ ਦੋਵੇਂ ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਹਨ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸੁਖਪਾਲ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਵਸੁੰਧਰਾ ਕਪਿਲਾ, ਜ਼ਿਲ੍ਹਾ ਰੋਜ਼ਗਾਰ ਅਫਸਰ ਗੁਰਤੇਜ ਸਿੰਘ, ਪਵਨ ਸੇਵਾ ਸਮਿਤੀ ਸਕੂਲ ਦੇ ਪ੍ਰਿੰਸੀਪਲ ਮੈਡਮ ਦੀਪਤੀ ਸ਼ਰਮਾ, ਐਮਜੀਐਨਐਫ ਮੈਡਮ ਨੇਹਾ, ਭੁਪਿੰਦਰ ਸਿੰਘ ਡੀਐੱਸਈਟੀ ਤੇ ਹੋਰ ਅਧਿਕਾਰੀ ਹਾਜ਼ਰ ਸਨ।