- ਟੋਲ ਦੇ ਨੇੜੇ ਦੇ ਲੋਕਾਂ ਨੂੰ ਮਹੀਨਾਵਾਰ ਪਾਸ ਬਣਵਾਉਣ ਦੀ ਸਲਾਹ
ਅਬੋਹਰ, 24 ਅਗਸਤ : ਰਾਸ਼ਟਰੀ ਰਾਜ ਮਾਰਗ ਅਥਾਰਟੀ (ਐਨਐਚਏਆਈ) ਵੱਲੋਂ ਕਿਹਾ ਗਿਆ ਹੈ ਕਿ ਨੈਸ਼ਨਲ ਹਾਈਵੇ ਨਾਲ ਛੇੜਛਾੜ ਜਾਂ ਟੋਲ ਪਲਾਜਿਆਂ ਨੂੰ ਬੰਦ ਕਰਨਾ ਗੈਰ ਕਾਨੂੰਨੀ ਹੈ ਅਤੇ ਜ਼ੇਕਰ ਕੋਈ ਅਜਿਹਾ ਕਰੇਗਾ ਤਾਂ ਉਨ੍ਹਾਂ ਨੂੰ ਅਜਿਹੇ ਲੋਕਾਂ ਖਿਲਾਫ ਮਜਬੂਰਨ ਕਾਰਵਾਈ ਕਰਨੀ ਪਵੇਗੀ। ਨਾਲ ਹੀ ਅਥਾਰਟੀ ਵੱਲੋਂ ਅਬੋਹਰ ਸ੍ਰੀ ਗੰਗਾਨਗਰ ਰਾਸ਼ਟਰੀ ਮਾਰਗ ਤੇ ਬਣੇ ਟੋਲ ਪਲਾਜਾ ਦੇ ਨੇੜੇ ਦੇ ਲੋਕਾਂ ਨੂੰ ਐਨਐਚਏਆਈ ਨੇ ਮਹੀਨਾਵਾਰ ਪਾਸ ਬਣਵਾਉਣ ਦੀ ਵੀ ਸਲਾਹ ਦਿੱਤੀ ਗਈ ਹੈ ਤਾਂ ਜ਼ੋ ਉਨ੍ਹਾਂ ਨੂੰ ਵਾਰ ਵਾਰ ਟੋਲ ਨਾ ਦੇਣਾ ਪਵੇ। ਐਨਐਚਏਆਈ ਦੇ ਪ੍ਰੋਜ਼ੈਕਟ ਡਾਇਰੈਕਟਰ ਨੇ ਦੱਸਿਆ ਹੈ ਕਿ ਐਨਐਚਏਆਈ ਦੇ ਨਿਯਮਾਂ ਅਨੁਸਾਰ ਟੋਲ ਦੇ 20 ਕਿਲੋਮੀਟਰ ਦੇ ਇਲਾਕੇ ਦੇ ਲੋਕ 330 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ ਪਾਸ ਬਣਵਾ ਸਕਦੇ ਹਨ। ਉਨ੍ਹਾਂ ਨੇ ਸੱਪ਼ਸਟ ਕੀਤਾ ਕਿ ਟੋਲ ਨੇੜੇ ਦੇ ਲੋਕਾਂ ਨੂੰ ਮੁਫ਼ਤ ਜਾਣ ਦਿੱਤਾ ਜਾਵੇ ਇਸ ਤਰਾਂ ਦਾ ਕੋਈ ਨਿਯਮ ਨਹੀਂ ਹੈ ਅਤੇ ਐਨਐਚਏਆਈ ਨਿਯਮਾਂ ਵਿਚ ਬੱਝਿਆ ਹੋਇਆ ਭਾਰਤ ਸਰਕਾਰ ਦਾ ਇਕ ਅਦਾਰਾ ਹੈ ਜਿਸ ਦਾ ਉਦੇਸ਼ ਹੈ ਲੋਕਾਂ ਨੂੰ ਚੰਗੀਆਂ ਸੜਕੀ ਸਹੁਲਤਾਂ ਮੁਹਈਆ ਕਰਵਾਈਆਂ ਜਾਣ। ਉਨ੍ਹਾਂ ਨੇ ਕਿਹਾ ਕਿ ਜਦ ਕਿਤੇ ਵੀ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕਾਰਨ ਟੋਲ ਬੰਦ ਕਰ ਦਿੱਤੇ ਜਾਂਦੇ ਹਨ ਤਾਂ ਇਸ ਨਾਲ ਜਿੱਥੇ ਰਾਹਗੀਰਾਂ ਨੂੰ ਪ੍ਰੇੇਸ਼ਾਨੀ ਹੁੰਦੀ ਹੈ ਉਥੇ ਹੀ ਇਸ ਨਾਲ ਸਰਕਾਰ ਦੀ ਆਮਦਨ ਪ੍ਰਭਾਵਿਤ ਹੁੰਦੀ ਹੈ ਅਤੇ ਇਸੇ ਆਮਦਨ ਨਾਲ ਹੀ ਸਰਕਾਰ ਵੱਲੋਂ ਸੜਕਾਂ ਦੀ ਮਜਬੂਤ ਕਰਨਾ, ਰਾਹਗੀਰਾਂ ਦੀ ਸੁਰੱਖਿਆ, ਲਾਈਟਾਂ ਆਦਿ ਵਰਗੀਆਂ ਸਹੁਲਤਾਂ ਦੇਣੀਆਂ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਨੈਸ਼ਨਲ ਹਾਈਵੇ ਐਕਟ 1956 ਦੀਆਂ ਵੱਖ ਵੱਖ ਧਾਰਾਵਾਂ ਅਨੁਸਾਰ ਕੌਮੀ ਰਾਜ ਮਾਰਗ ਨਾਲ ਛੇੜਛਾੜ ਕਰਨਾ, ਉਸਦਾ ਰਾਸਤਾ ਬਦਲਣਾ ਕਾਨੂੰਨਨ ਵਰਜਿਤ ਹੈ ਅਤੇ ਇਸੇ ਲਈ ਬੀਤੇ ਕੱਲ ਕੁਝ ਲੋਕਾਂ ਵੱਲੋਂ ਜ਼ੋ ਆਰਜੀ ਕੱਚਾ ਰਾਸਤਾ ਬਣਾਇਆ ਗਿਆ ਸੀ ਉਹ ਲੋਕਾਂ ਦੀ ਸੁਰੱਖਿਆ ਦੇ ਮੱਦੇਨਜਰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਇਸ ਤਰਾਂ ਦੇ ਕੱਚੇ ਰਾਸਤਿਆਂ ਨਾਲ ਹਾਦਸੇ ਵਾਪਰ ਸਕਦੇ ਹਨ। ਉਨ੍ਹਾਂ ਨੇ ਸਮੂਹ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਰਕਾਰ ਦੇ ਨਿਯਮਾਂ ਦਾ ਪਾਲਣ ਕਰਨ ਅਤੇ ਟੋਲ ਨੇੜੇ ਦੇ ਲੋਕ ਸਰਕਾਰੀ ਨਿਯਮਾਂ ਅਨੁਸਾਰ ਆਪਣਾ ਮਹੀਨਾਵਾਰ ਪਾਸ ਬਣਵਾ ਲੈਣ।