ਪੀਏਯੂ ਦੇ ਖੇਤੀ ਇੰਜਨੀਅਰਿੰਗ ਨੇ ਗਾਂਧੀ ਜਯੰਤੀ ਨੂੰ ਸਫ਼ਾਈ ਦਿਹਾੜੇ ਵਜੋਂ ਮਨਾਇਆ 

ਲੁਧਿਆਣਾ 4 ਅਕਤੂਬਰ, 2024 : ਬੀਤੇ ਦਿਨੀਂ ਗਾਂਧੀ ਜਯੰਤੀ ਅਤੇ ਸ਼੍ਰੀ ਲਾਲ ਬਹਾਦੁਰ ਸ਼ਾਸਤਰੀ ਦੇ ਜਨਮ ਦਿਨ ਮੌਕੇ ਪੀ ਏ ਯੂ ਦੇ ਖੇਤੀ ਇੰਜੀਨੀਅਰਿੰਗ ਕਾਲਜ ਨੇ ਸਵੱਛਤਾ ਦਿਵਸ ਮਨਾਇਆ। ਇਸ ਸਮਾਗਮ ਦਾ ਆਯੋਜਨ ਇੰਡੀਅਨ ਸੋਸਾਇਟੀ ਆਫ਼ ਟੈਕਨੀਕਲ ਐਜੂਕੇਸ਼ਨ ਦੁਆਰਾ ਕਾਲਜ ਦੇ ਐੱਨ ਐੱਸ ਐੱਸ ਯੂਨਿਟ ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਸਮਾਰੋਹ ਵਿਚ ਵਿਦਿਆਰਥੀਆਂ ਅਤੇ ਫੈਕਲਟੀ ਨੇ ਜੋਸ਼ ਨਾਲ ਭਾਗ ਲਿਆ। ਇਸ ਦੌਰਾਨ ਕਾਲਜ ਕੈਂਪਸ ਦੀ ਸਫਾਈ ਅਤੇ ਰੱਖ-ਰਖਾਅ ਲਈ ਇਸ ਦਿਹਾੜੇ ਨੂੰ ਵਿਸ਼ੇਸ਼ ਤੌਰ ਤੇ ਮਨਾਇਆ ਗਿਆ। ਆਈ.ਐਸ.ਟੀ.ਈ ਦੇ ਚੇਅਰਮੈਨ ਡਾ.ਜੇ.ਪੀ ਸਿੰਘ ਨੇ ਵਿਦਿਆਰਥੀਆਂ ਨੂੰ ਮਹਾਨ ਹਸਤੀਆਂ ਤੋਂ ਪ੍ਰੇਰਿਤ ਹੋ ਕੇ ਦੇਸ਼ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਉਨ੍ਹਾਂ ਸਫਾਈ ਬਣਾਈ ਰੱਖਣ ਅਤੇ ਸਵੱਛ ਅਭਿਆਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਡਾ ਸਿੰਘ ਨੇ ਕਿਹਾ ਕਿ ਸਾਫ਼ ਆਲਾ-ਦੁਆਲਾ ਸਾਫ਼ ਸੋਚ ਦਾ ਪ੍ਰਤੀਕ ਹੁੰਦਾ ਹੈ, ਇਸ ਨਾਲ ਮਨੁੱਖੀ ਸੱਭਿਅਤਾ ਦੇ ਪੱਧਰ ਦਾ ਪਤਾ ਲਗਦਾ ਹੈ। ਇਸ ਮੌਕੇ ਕਾਲਜ ਦੇ ਮਾਹਿਰਾਂ ਡਾ. ਸੰਜੇ ਸਤਪੁਤੇ, ਡਾ: ਮਨਪ੍ਰੀਤ ਸਿੰਘ, ਅਤੇ ਡਾ. ਸ਼ਿਵ ਕੁਮਾਰ ਲੋਹਾਨ ਨੇ ਵਿਦਿਆਰਥੀਆਂ ਨਾਲ ਸਫ਼ਾਈ ਅਭਿਆਨ ਵਿੱਚ ਭਾਗ ਲਿਆ। ਉਨ੍ਹਾਂ ਦੀ ਅਗਵਾਈ ਅਤੇ ਸਮਰਪਣ ਨੇ ਵਿਦਿਆਰਥੀਆਂ ਨੂੰ ਸਾਫ਼-ਸੁਥਰਾ ਅਤੇ ਹਰਿਆ-ਭਰਿਆ ਬਣਾਉਣ ਲਈ ਮਿਲ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ।