- ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਵੀ ਰਾਹਤ ਟੀਮਾਂ ਨਾਲ ਲੱਗੇ
- ਐਨਡੀਆਰਐਫ ਦੀਆਂ ਟੀਮਾਂ ਤਾਇਨਾਤ—ਡਿਪਟੀ ਕਮਿਸ਼ਨਰ
ਫਾਜਿ਼ਲਕਾ, 20 ਅਗਸਤ : ਸ਼ਨੀਵਾਰ ਨੂੰ ਢਾਣੀ ਬਚਨ ਸਿੰਘ ਕੋਲ ਲਗਭਗ ਇਕ ਦਰਜਨ ਪਿੰਡ ਵਾਸੀ ਕੌਮਾਂਤਰੀ ਸਰਹੱਦ ਦੇ ਬਿਲਕੁੱਲ ਨਾਲ ਇਕਦਮ ਆਏ ਪਾਣੀ ਦੇ ਵਹਾਅ ਵਿਚ ਫਸ ਗਏ। ਜਿੰਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ ਐਨਡੀਆਰਐਫ ਦੀਆਂ ਟੀਮਾਂ ਨੂੰ ਲਗਾਇਆ ਗਿਆ ਅਤੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਟੀਮਾਂ ਦੇ ਨਾਲ ਜਾ ਜਾ ਕੇ ਇੰਨ੍ਹਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ। ਇੰਨ੍ਹਾਂ ਕੋਲ ਬੇੜੀ ਤਾਂ ਸੀ ਪਰ ਤੇਜ਼ ਵਹਾਅ ਕਾਰਨ ਉਹ ਆਪਣੀ ਬੇੜੀ ਠੇਲ੍ਹ ਨਹੀਂ ਸੀ ਸਕਦੇ। ਇਸ ਰੈਸਕਿਉ ਵੇਲੇ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਵੀ ਮੌਕੇ ਤੇ ਪੁੱਜੇ। ਇਸ ਮੌਕੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ਼ ਗੋਲਡੀ ਨੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਦੀ ਸਹਾਹਿਤਾ ਲਈ ਹਰ ਪ੍ਰਕਾਰ ਨਾਲ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਮੰਗ ਅਨੁਸਾਰ ਤਰਪਾਲਾਂ ਵੀ ਮੁਹਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਹਰੇ ਚਾਰੇ ਅਤੇ ਸੁੱਕੇ ਕੈਟਲ ਫੀਡ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨਡੀਆਰਐਫ ਦੀਆਂ ਟੀਮਾਂ ਨੂੰ ਵੀ ਤਾਇਨਾਤ ਕਰ ਦਿੱਤਾ ਗਿਆ ਹੈ ਤਾਂ ਜ਼ੋ ਡੂੰਘੇ ਜਾਂ ਤੇਜ਼ ਵਹਾਅ ਵਾਲੇ ਪਾਣੀ ਵਿਚ ਜ਼ੇਕਰ ਕੋਈ ਫਸ ਜਾਵੇ ਤਾਂ ਉਸਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਸਕੇ।ਉਨ੍ਹਾਂ ਨੇ ਇਸ ਮੌਕੇ ਪਿੰਡਾ ਵਾਸੀਆਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਲੋਕ ਪਾਣੀ ਤੋਂ ਦੂਰ ਰਹਿਣ ਅਤੇ ਖਾਸ ਕਰਕੇ ਬੱਚਿਆਂ ਦਾ ਖਾਸ ਕਰਕੇ ਖਿਆਲ ਰੱਖਿਆ ਜਾਵੇ। ਪਿੰਡ ਮੁਹਾਰ ਖੀਵਾ ਵਿਖੇ ਪਿੰਡ ਦੇ ਇਕ ਪਾਸੇ ਫਿਰਨੀ ਨਾਲ ਪਾਣੀ ਆ ਲੱਗਿਆ ਸੀ ਪਰ ਇਸ ਪਿੰਡ ਦੀ ਫਿਰਨੀ ਤੋਂ ਹਾਲੇ ਵੀ ਪਾਣੀ ਲਗਭਗ ਡੇਢ ਫੁੱਟ ਨੀਂਵਾਂ ਹੈ ਅਤੇ ਅਬਾਦੀ ਖੇਤਰ ਸੁਰੱਖਿਅਤ ਹੈ। ਪਰ ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਭਲਕੇ ਪਾਣੀ ਵੱਧਣ ਦੀ ਉਮੀਦ ਹੈ ਇਸ ਲਈ ਲੋਕ ਸੁਰੱਖਿਅਤ ਥਾਂਵਾਂ ਤੇ ਜਾਣ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੇ ਰਾਹਤ ਕੈਂਪ ਬਣਾਏ ਹਨ ਜਿੱਥੇ ਲੋਕ ਪਹੁੰਚਣ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਮੁਸਕਿਲ ਸਮੇਂ ਲੋਕ ਹੜ੍ਹ ਕੰਟਰੋਲ ਰੂਮ ਦੇ ਨੰਬਰ 01638—262153 ਤੇ ਸੰਪਰਕ ਕਰ ਸਕਦੇ ਹਨ।