ਫਰੀਦਕੋਟ, 14 ਅਗਸਤ: ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵਲੋਂ ਜਾਰੀ ਆਦੇਸ਼ਾਂ ਅਨੁਸਾਰ ਪਿੰਡ ਪੱਧਰ ਤੱਕ ਲੋਕਾਂ ਨੂੰ ਉੱਚ ਪਾਏ ਦੀਆਂ ਸਿਹਤ ਸਹੂਲਤਾਂ ਪ੍ਰਦਾਨ ਕਰਨ ਹਿੱਤ ਸਿਹਤ ਬਲਾਕ ਬਾਜਾਖਾਨਾ ਅਧੀਨ ਪੈਂਦੇ ਪਿੰਡ ਵਾੜਾ ਭਾਈਕਾ ਵਿਖੇ ਅੱਜ ਆਮ ਆਦਮੀ ਕਲੀਨਿਕ ਦਾ ਲੋਕ ਅਰਪਣ ਜੈਤੋ ਦੇ ਸਬ ਡਵੀਜ਼ਨਲ ਮੈਜਿਸਟ੍ਰੇਟ ਡਾ. ਨਿਰਮਲ ਓਸੇਪੱਚਨ ਅਤੇ ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸ਼੍ਰੀ ਲਛਮਣ ਸ਼ਰਮਾ ਦੁਆਰਾ ਸਿਵਲ ਸਰਜਨ ਫ਼ਰੀਦਕੋਟ ਡਾ. ਅਨਿਲ ਗੋਇਲ, ਕਾਰਜਕਾਰੀ ਸੀਨੀਅਰ ਮੈਡੀਕਲ ਅਫ਼ਸਰ ਬਾਜਾਖਾਨਾ ਡਾ. ਹਰਿੰਦਰ ਗਾਂਧੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਧਰਮਜੀਤ ਸਿੰਘ ਰਾਮੇਆਣਾ ਜੀ ਦੀ ਮੌਜੂਦਗੀ ਵਿੱਚ ਕੀਤਾ ਗਿਆ । ਇੱਸ ਮੌਕੇ ਚੇਅਰਮੈਨ ਲਛਮਣ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜ਼ਮੀਨੀ ਪੱਧਰ ਤੱਕ ਲੋਕਾਂ ਨੂੰ ਉੱਚ ਪੱਧਰੀ ਸੇਵਾਵਾਂ ਦੇਣ ਲਈ ਵਚਨਬੱਧ ਹੈ, ਜਿਸ ਲਈ ਤਕਨੀਕੀ ਸਹੁਲਤਾਂ ਨਾਲ ਲੈਸ 76 ਆਮ ਆਦਮੀ ਕਲੀਨਿਕ ਅੱਜ ਪੰਜਾਬ ਭਰ ਵਿੱਚ ਮੁੱਖ ਮੰਤਰੀ ਪੰਜਾਬ ਸ਼੍ਰੀ ਭਗਵੰਤ ਮਾਨ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾ ਬਲਬੀਰ ਸਿੰਘ ਵਲੋਂ ਡਿਜੀਟਲ ਢੰਗ ਨਾਲ ਲੋਕ ਅਰਪਣ ਕੀਤੇ ਗਏ ਹਨ । ਸਿਵਲ ਸਰਜਨ ਫ਼ਰੀਦਕੋਟ ਡਾ. ਅਨਿਲ ਗੋਇਲ ਨੇ ਇਸ ਮੌਕੇ ਦੱਸਿਆ ਕਿ ਅੱਜ ਦੇ ਸ਼ੁਰੂ ਹੋਏ ਕਲੀਨਿਕਾਂ ਨੂੰ ਮਿਲਾਕੇ ਪੰਜਾਬ ਭਰ ਵਿੱਚ ਹੁਣ 659 ਕਲੀਨਿਕ ਜਨ ਸਧਾਰਣ ਨੂੰ ਉੱਚ ਕੋਟੀ ਦੀਆਂ ਸਿਹਤ ਸਹੂਲਤਾਂ ਬਿਲਕੁਲ ਮੁਫ਼ਤ ਦੇ ਰਹੇ ਹਨ। ਡਾ. ਗੋਇਲ ਨੇ ਅੱਗੇ ਦੱਸਿਆ ਕਿ ਇਸ ਕਲੀਨਿਕ ਨੂੰ ਪੂਰੀ ਤਰ੍ਹਾਂ ਸੂਰਜੀ ਊਰਜਾ ਨਾਲ ਚਲਾਇਆ ਜਾਵੇਗਾ ਜਿਸ ਵਿੱਚ ਸਰੀਰਕ ਤੰਦਰੁਸਤੀ ਬਰਕਰਾਰ ਰੱਖਣ ਲਈ ਓਪਨ ਏਅਰ ਜਿੰਮ, ਯੋਗ ਅਭਿਆਸ ਲਈ ਲੋੜੀਂਦੇ ਸਾਧਨ ਉਪਲਬਧ ਕਰਵਾਉਣ ਦੇ ਨਾਲ-ਨਾਲ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਬੂਟਿਆਂ ਦੀ ਬਗੀਚੀ ਵੀ ਤਿਆਰ ਕੀਤੀ ਜਾਵੇਗੀ। ਡਾ. ਹਰਿੰਦਰ ਗਾਂਧੀ ਨੇ ਇਸ ਕਲੀਨਿਕ ਵਿੱਚ ਤਾਇਨਾਤ ਕੀਤੇ ਗਏ ਮੈਡੀਕਲ ਅਫ਼ਸਰ ਡਾ. ਕਮਲਜੀਤ ਆਰੂਜਾ ਦੀ ਤਾਰੀਫ਼ ਕਰਦਿਆਂ ਕਿਹਾ ਕਿ ਡਾ ਆਹੂਜਾ ਪਹਿਲਾਂ ਤੋਂ ਹੀ ਇਸ ਪਿੰਡ ਨਾਲ ਜੁੜੇ ਹੋਏ ਹਨ ਅਤੇ ਪਿੰਡ ਦੇ ਲੋਕ ਉਹਨਾਂ ਦੀ ਇਜ਼ਤ ਕਰਦੇ ਹਨ। ਡਾ. ਗਾਂਧੀ ਉਮੀਦ ਜਤਾਉਂਦਿਆਂ ਕਿਹਾ ਕਿ ਡਾ. ਆਹੂਜਾ ਆਪਣੀ ਮਿਹਨਤ ਨਾਲ ਇਸ ਕਲੀਨਿਕ ਨੂੰ ਫ਼ਰੀਦਕੋਟ ਜ਼ਿਲ੍ਹੇ ਵਿੱਚਲੇ 12 ਆਮ ਆਦਮੀ ਕਲੀਨਿਕਾਂ ਵਿੱਚੋਂ ਹੀ ਨਹੀਂ ਬਲਕਿ ਪੰਜਾਬ ਦੇ ਸਭ ਤੋਂ ਵਧੀਆ ਕਲੀਨਿਕਾਂ ਵਿੱਚ ਸ਼ੁਮਾਰ ਕਰਵਾਉਣਗੇ । ਇਸ ਮੌਕੇ ਜ਼ਿਲਾ ਮਾਸ ਮੀਡੀਆ ਵਿੰਗ ਫ਼ਰੀਦਕੋਟ ਤੋਂ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ੍ਰ ਕੁਲਵੰਤ ਸਿੰਘ, ਡਿਪਟੀ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸ਼੍ਰੀ ਸੰਜੀਵ ਸ਼ਰਮਾ, ਮੈਡੀਕਲ ਅਫ਼ਸਰ ਡਾ. ਕਮਲਜੀਤ ਆਹੂਜਾ, ਬਲਾਕ ਪ੍ਰਸਾਰ ਸਿਖਿਅਕ ਬਾਜਾਖਾਨਾ ਫਲੈਗ ਚਾਵਲਾ ਅਤੇ ਸੋਨਦੀਪ ਸਿੰਘ ਸੰਧੂ, ਫਾਰਮੇਸੀ ਅਫ਼ਸਰ ਜਸਕਰਨ ਸਿੰਘ ਵੱਲੋਂ ਸਮਾਗਮ ਦੇ ਪ੍ਰਬੰਧਾਂ ਨੂੰ ਨੇਪਰੇ ਚਾੜ੍ਹਿਆ ਗਿਆ ।