- ਪੀਣ ਦੇ ਪਾਣੀ ਦੀ ਸਪਲਾਈ ਭੇਜੀ ਜਾ ਰਹੀ ਹੈ ਪਿੰਡਾਂ ਤੱਕ
ਫਾਜਿ਼ਲਕਾ, 22 ਅਗਸਤ : ਪੰਜਾਬ ਦੇ ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹੜ੍ਹ ਪੀੜਤਾਂ ਤੱਕ ਹਰ ਮਦਦ ਪਹੁੰਚਾਉਣ ਦੇ ਉਪਰਾਲਿਆਂ ਤਹਿਤ ਲਗਾਤਾਰ ਰਾਹਤ ਸਮੱਗਰੀ ਦੀ ਵੰਡ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਕਿ ਹੁਣ ਤੱਕ ਜਿ਼ਲ੍ਹੇ ਵਿਚ 6639 ਕੁਟਿੰਨਲ ਹਰਾ ਚਾਰਾ, 3135 ਬੈਗ ਕੈਟਲ ਫੀਡ, 4950 ਤਰਪਾਲਾਂ ਅਤੇ 10866 ਕਿੱਟਾਂ ਦੀ ਵੰਡ ਕੀਤੀ ਜਾ ਚੁੱਕੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਬਿਨ੍ਹਾਂ ਅੱਜ ਪ੍ਰਸ਼ਾਸਨ ਵੱਲੋਂ ਪੀਣ ਦਾ ਪਾਣੀ ਵੀ ਵੱਡੀ ਮਾਤਰਾ ਵਿਚ ਪਿੰਡਾਂ ਵਿਚ ਕਿਸਤੀਆਂ ਰਾਹੀਂ ਭੇਜਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਐਨਡੀਆਰਐਫ ਦੀਆਂ ਟੀਮਾਂ ਜਿ਼ਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਲਗਾਤਾਰ ਕੰਮ ਕਰ ਰਹੀਆਂ ਹਨ ਅਤੇ ਕਿਸਤੀਆਂ ਰਾਹੀਂ ਰਾਹਤ ਸਮੱਗਰੀ ਪਿੰਡਾਂ ਤੱਕ ਭੇਜੀ ਜਾ ਰਹੀ ਹੈ। ਹਾਲਾਂਕਿ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋਣ ਨਾਲ ਕੁਝ ਰਾਹਤ ਮਿਲਣ ਦੀ ਸੰਭਾਵਨਾ ਵੀ ਹੁਣ ਤੇਜੀ ਨਾਲ ਵੱਧਣ ਲੱਗੀ ਹੈ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਪ ਪੈਦਲ ਪਾਣੀ ਨੂੰ ਪਾਰ ਕਰਨ ਦੀ ਕੋਸਿ਼ਸ ਨਾ ਕਰਨ ਅਤੇ ਜ਼ੇਕਰ ਕਿਸੇ ਨੇ ਵੀ ਬਾਹਰ ਆਉਣਾ ਹੈ ਜਾਂ ਕੋਈ ਸਮਾਨ ਲੋੜੀਂਦਾ ਹੈ ਤਾਂ ਲੋਕ ਜਿ਼ਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਤੇ ਸੰਪਰਕ ਕਰਨ। ਉਨ੍ਹਾਂ ਨੇ ਦੱਸਿਆ ਕਿ 01638—262153 ਹੜ੍ਹ ਕੰਟਰੋਲ ਰੂਮ ਦਾ ਨੰਬਰ ਅਤੇ ਇਹ 24 ਘੰਟੇ ਕੰਮ ਕਰ ਰਿਹਾ ਹੈ। ਲੋਕ ਕਿਸੇ ਵੇਲੇ ਵੀ ਮਦਦ ਲਈ ਇੱਥੇ ਕਾਲ ਕਰ ਸਕਦੇ ਹਨ। ਇਸ ਮੌਕੇ ਐਸਡੀਐਮ ਸ੍ਰੀ ਨਿਕਾਸ ਖੀਂਚੜ ਵੀ ਉਨ੍ਹਾਂ ਦੇ ਨਾਲ ਹਾਜਰ ਸਨ।