ਬਾਦਲਾਂ ਤੋਂ ਸਿੱਖ-ਸੰਸਥਾਵਾਂ ਆਜ਼ਾਦ ਕਰਵਾਉਣ ਲਈ ਸਮੁੱਚਾ ਪੰਥ ਇਕੱਠਾ ਹੋਵੇ : ਚੇਅਰਮੈਨ ਭੋਮਾ

ਅੰਮ੍ਰਿਤਸਰ, 2 ਜਨਵਰੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਦੀ ਅਗਵਾਈ ਹੇਠ ਅਡਵਾਈਜ਼ਰੀ ਬੋਰਡ ਦੀ ਅਹਿਮ ਬੈਠਕ ਹੋਈ,ਜਿਸ ਚ ਪੰਥ,ਪੰਜਾਬ ਦੇ ਭੱਖਦੇ ਮਸਲਿਆਂ ਤੇ ਅਹਿਮ ਵਿਚਾਰਾਂ ਚਰਚਾਵਾਂ ਕੀਤੀਆਂ। ਇਸ ਮੌਕੇ ਸਿੰਘ ਸਾਹਿਬਾਨ ਪੰਜ ਪਿਆਰੇ ਭਾਈ ਮੇਜਰ ਸਿੰਘ ਨੇ ਮੂਲ ਮੰਤਰ ਦਾ ਪਾਠ ਕਰਕੇ ਮੀਟਿੰਗ ਦੀ ਆਰੰਭਤਾ ਕੀਤੀ। ਇਸ ਮੌਕੇ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਸਿੱਖ ਪੰਥ ਤੋਂ ਹੋਂਦ ਗਵਾ ਚੁੱਕੇ ਬਾਦਲਾਂ ਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣੀ ਮਰਜੀ ਨਾਲ ਜਥੇਦਾਰ ਨਿਯੁਕਤ ਕੀਤੇ  । ਸ਼੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਅਹਿਮ ਰਾਜਨੀਤਕ ਸੰਸਥਾ ਹੈ,ਜਿਸ ਦੀ ਸਥਾਪਨਾ ਛੇਵੇ ਗੁਰੂ ਹਰਿਗੋਬਿੰਦ ਸਾਹਿਬ ਨੇ ਕਰਦਿਆਂ ਮੀਰੀ-ਪੀਰੀ ਸਿਧਾਂਤ ਲਾਗੂ ਕੀਤਾ। ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਆਪਣੀਆਂ ਜੇਬਾਂ ਚ ਲਾਉਣੇ ਸ਼ੁਰੂ ਕੀਤੇ ,ਜਿਸ ਨਾਲ ਪੰਥ ਦਾ ਨਾ-ਵਰਨਣਯੋਗ ਨੁਕਸਾਨ ਹੋਇਆ। ਸਮੂਹ ਪੰਥਕ ਸੰਗਠਨਾਂ ਨੂੰ ਇੱਕ ਮੰਚ ਤੇ ਇਕੱਠੇ ਹੋਣ ਲਈ ਜ਼ੋਰ ਦਿੰਦਿਆਂ ਉਨਾ ਕਿਹਾ ਕਿ ਬਾਦਲ ਪਰਿਵਾਰ ਤੋਂ  ਸਿੱਖ-ਸੰਸਥਾਵਾਂ ਨੂੰ ਅਜ਼ਾਦ ਕਰਵਾਉਣ ਨਾਲ ਹੀ ਮੀਰੀ-ਪੀਰੀ ਦਾ ਸਿਧਾਂਤ ਮੁੜ ਲਾਗੂ ਹੋ ਸਕਦਾ ਹੈ। ਭੋਮਾ ਨੇ ਸਪੱਸ਼ਟ ਕੀਤਾ ਕਿ ਸਿੱਖ ਵਿਰੋਧੀ ਤਾਕਤਾਂ ਨਾਲੋਂ, ਬਾਦਲਾਂ ਤੋਂ ਸਿੱਖ ਪੰਥ ਨੂੰ ਜਿਆਦਾ ਖਤਰਾ ਹੈ। ਭੋਮਾ ਨੇ ਦੋਸ਼ ਲਾਇਆ ਕਿ ਡੇਰਾਵਾਦ ਪੰਜਾਬ ਚ ਪ੍ਰਫੁਲਤ ਕਰਨ ਲਈ ਬਾਦਲ ਜੁੰਮੇਵਾਰ ਹਨ। ਉਨ੍ਹਾ ਕਿਹਾ ਕਿ ਸ ਪ੍ਰਕਾਸ਼ ਸਿੰਘ ਬਾਦਲ ,ਸ ਸੁਖਬੀਰ ਸਿੰਘ ਬਾਦਲ ਦੀ ਹਕੂਮਤ ਵੇਲੇ (2015) ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਹੋਈਆਂ ਤੇ ਸੌਦਾ ਸਾਧ ਦੇ ਚੇਲਿਆਂ ਨੇ ਸ਼ਰੇਆਮ ਕੌਮ ਨੂੰ ਵੰਗਾਰ ਕੇ ਕਿਹਾ ਸੀ ਕਿ ਅਸੀ ਤੁਹਾਡਾ ਗੁਰੂ ਚੁੱਕ ਲਿਆ ਹੈ ਕਰ ਲਉ ਜੋ ਕਰਨਾ ਹੈ, ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਬਾਦਲਾਂ ਦੀ ਸਰਕਾਰ 2017 ਤੱਕ ਰਹੀ,ਪਰ ਫਿਰ ਵੀ ਦੋਸ਼ੀਆਂ ਨੂੰ ਜੇਲਾਂ ਚ ਨਹੀ ਡੱਕਿਆ। ਭੋਮਾ ਮੁਤਾਬਕ ਬਹਿਬਲ ਕਲਾਂ ਵਿਖੇ ਲੱਗੇ ਧਰਨੇ ਚ ਵੀ ਦੋ ਸਿੱਖ ਨੌਜਵਾਨ ਪੁਲਸ ਗੋਲੀ ਨਾਲ ਸ਼ਹੀਦ ਹੋਏ ਪਰ ਪੀੜਤ ਅੱਜ ਵੀ ਇਨਸਾਫ ਲਈ ਆਪ ਧਰਨੇ ਲਾ ਰਹੇ ਹਨ। ਭੋਮਾ ਨੇ ਕਿਹਾ ਕਿ ਬਾਦਲਾਂ ਦੇ ਰਾਜ 'ਚ ਹੀ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ, ਜੋ ਅੱਜ ਵੀ ਜਾਰੀ ਹੈ।ਭੋਮਾ ਨੇ ਦੋਸ਼ ਲਾਇਆ ਕਿ ਸੌਦਾ-ਸਾਧ ਬਚਾਉਣ ਦੀ ਕੋਸ਼ਸ਼ ਬਾਦਲਾਂ ਨੇ ਕੀਤੀ ,ਜਿਸ ਨੇ ਦਸਮ ਪਿਤਾ ਖਿਲਾਫ ਸਵਾਂਗ ਵੀ ਰਚਾਇਆ ਸੀ। ਤਖ਼ਤਾਂ ਦੇ ਜਥੇਦਾਰਾਂ ਨੂੰ ਚੰਡੀਗੜ੍ਹ ਸੱਧ ਕੇ ਗੁਰਮੀਤ ਰਾਮ ਰਹੀਮ ਸਾਧ  ਨੂੰ ਮੁਆਫ਼ੀ ਦਵਾਈ ਗਈ। ਅੱਗੇ  ਉਨਾ ਕਿਹਾ ਕਿ ਧਰਮ ਜਾਗਰੂਕਤਾ ਲਹਿਰ ਅਧੀਨ ,  ਧਰਮ ਪ੍ਰਚਾਰ ,ਪ੍ਰਸਾਰ 'ਚ ਹੋਰ ਤੇਜੀ ਲਿਆਉਣ ਲਈ ਹੋਰ ਠੋਸ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਜਿਸ ਦਾ ਵੱਖ ਵੱਖ ਪਿੰਡਾਂ ਵਿਚ ਵੱਡੇ ਪੱਧਰ ਤੇ ਸਹਿਯੋਗ ਵੀ ਮਿਲ ਰਿਹਾ ਹੈ। ਇਸ ਮੌਕੇ ਆਗੂਆਂ ਨੇ ਕੇਂਦਰ ਤੋਂ ਮੰਗ ਕੀਤੀ ਕਿ ਸ਼੍ਰੋਮਣੀ ਕਮੇਟੀ ਚੋਣਾਂ ਜਲਦ ਕਰਵਾਈਆਂ ਜਾਣ ਅਤੇ ਲੰਮੇ ਸਮੇਂ ਤੋਂ ਜੇਲ੍ਹਾਂ ਚ ਸਜਾਵਾ ਭੁਗਤ ਰਹੇ ਬੰਦੀ ਸਿੰਘ ਰਿਹਾਅ ਕੀਤੇ ਜਾਣ। ਅੱਗੇ ਆਗੂਆਂ ਨੇ ਪੰਜਾਬ ਸਰਕਾਰ ਨੂੰ ਵੀ ਆੜੇ ਹੱਥੀ ਲੈਂਦਿਆ ਕਿਹਾ ਕਿ ਇਕ ਸਾਲ ਤੁਹਾਡੀ ਸਰਕਾਰ ਨੂੰ   ਹੋਣ ਵਾਲਾ ਹੈ,ਪਰ ਅਜੇ ਤੱਕ ਮਸਲੇ ਜਿਉਂ ਦੇ ਤਿਉਂ ਕਾਇਮ ਹਨ,ਪਰ ਸਰਕਾਰ ਟੱਸ ਤੋਂ ਮੱਸ ਨਹੀ ਹੋ ਰਹੀ। ਇਸ ਮੌਕੇ ਚੇਅਰਮੈਨ ਮਨਜੀਤ ਸਿੰਘ ਭੋਮਾ ਤੋਂ ਇਲਾਵਾ  ਸਿੰਘ ਸਾਹਿਬਾਨ ਪੰਜ ਪਿਆਰੇ ਭਾਈ ਮੇਜਰ ਸਿੰਘ,ਲਖਵਿੰਦਰ ਸਿੰਘ ਢਿੰਗਨੰਗਲ ਦਲਜੀਤਸਿੰਘ ਪਾਖਰਪੁਰਾ,ਹਰਪ੍ਰਤਾਪ ਸਿੰਘ ਜਲੰਧਰ , ਵਿਕਰਾਂਤ ਸਿੰਘ ਝਿਲ,ਜਸਵਿੰਦਰ ਸਿੰਘ ਡਰੋਲੀ,ਸੁਖਜਿੰਦਰ ਸਿੰਘ ਮਜੀਠਾ ,ਦਲਜੀਤ ਸਿੰਘ, ਕੁਲਦੀਪ ਸਿੰਘ ,ਮਾਸਟਰ ਪਲਵਿੰਦਰ ਸਿੰਘ ਪੰਨੂ,ਪਲਵਿੰਦਰ ਸਿੰਘ ਹੈਡਮਾਸਟਰ, ਪ੍ਰਚਾਰਕ ਅੰਗਰੇਜ ਸਿੰਘ, ਪ੍ਰਚਾਰਕ ਭਾਈ ਰਣਜੀਤ ਸਿੰਘ, ਕੁਲਬੀਰ ਸਿੰਘ,ਦਵਿੰਦਰ ਸਿੰਘ ਖਾਲਸਾ,ਮਨਬੀਰ ਸਿੰਘ, ਗੁਰਮੀਤ ਸਿੰਘ, ਸੁਲੱਖਣ ਸਿੰਘ, ਦੀਦਾਰ ਸਿੰਘ ਚੌਧਰਪੁਰ,ਮਨਬੀਰ ਸਿੰਘ ਦੱਬਵਾਲਾ,ਬਲਵਿੰਦਰ ਸਿੰਘ ਖਾਲਸਾ ,ਸੁਰਿੰਦਰਪਾਲ ਸਿੰਘ ਤਾਲਬਪੁਰਾ ,ਬਲਵਿੰਦਰ ਸਿੰਘ ਪੱਖੋਕੇ, ਦੀਦਾਰ ਸਿੰਘ ਦੌਧਪੁਰ ਆਦਿ ਹਾਜਰ ਸਨ।