ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਗੁਰਦਾਸਪੁਰ ਵਿਖੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਲਹਿਰਾਉਣਗੇ ਕੌਮੀ ਝੰਡਾ

  • ਡਿਪਟੀ ਕਮਿਸ਼ਨਰ ਵੱਲੋਂ ਜ਼ਿਲ੍ਹਾ ਵਾਸੀਆਂ ਨੂੰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ

ਗੁਰਦਾਸਪੁਰ, 25 ਜਨਵਰੀ : ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ 26 ਜਨਵਰੀ ਨੂੰ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ। ਗਣਤੰਤਰ ਦਿਵਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ੍ਰੀ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਇਆ ਜਾਵੇਗਾ। ਮੁੱਖ ਮਹਿਮਾਨ ਪਰੇਡ ਦਾ ਨਿਰੀਖਣ ਕਰਨ ਤੋਂ ਬਾਅਦ ਗੁਰਦਾਸਪੁਰ ਵਾਸੀਆਂ ਨੂੰ ਆਪਣਾ ਸੰਦੇਸ਼ ਦੇਣਗੇ। ਇਸ ਉਪਰੰਤ ਪੰਜਾਬ ਪੁਲਿਸ, ਪੰਜਾਬ ਪੁਲਿਸ ਮਹਿਲਾ ਪਲਟੂਨ, ਪੰਜਾਬ ਹੋਮਗਾਰਡ, ਐੱਨ.ਸੀ.ਸੀ. ਕੈਡਿਟਾਂ, ਪੰਜਾਬ ਪੁਲਿਸ ਦੀ ਬੈਂਡ ਟੀਮ ਅਤੇ ਸਕੂਲੀ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ। ਇਸ ਤੋਂ ਬਾਅਦ ਬੀ.ਐੱਸ.ਐੱਫ ਦੇ ਜਵਾਨਾਂ ਅਤੇ ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗਾਂ ਵੱਲੋਂ ਵਿਕਾਸ ਨੂੰ ਦਰਸਾਉਂਦੀਆਂ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ, ਮਾਸ ਪੀ.ਟੀ. ਸ਼ੋਅ ਅਤੇ ਦੇਸ਼ ਭਗਤੀ ਨਾਲ ਲਬਰੇਜ਼ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਸਮਾਗਮ ਦੌਰਾਨ ਸ਼ਹੀਦ ਪਰਿਵਾਰਾਂ, ਅਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ, ਵੀਰ ਨਾਰੀਆਂ ਅਤੇ ਵੱਖ-ਵੱਖ ਖੇਤਰਾਂ ਵਿੱਚ ਉਪਲੱਬਧੀਆਂ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਵਿੱਚ ਭਾਗ ਲੈ ਕੇ ਇਸ ਕੌਮੀ ਤਿਉਹਾਰ ਦੀਆਂ ਰੌਣਕਾਂ ਨੂੰ ਵਧਾਉਣ।