- ਜਿਲੇ ਦੇ ਹਰੇਕ ਪਿੰਡ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਰਨਗੀਆਂ ਪ੍ਰੇਰਿਤ
- ਪਰਾਲੀ ਪ੍ਰਬੰਧਨ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ 'ਤੇ ਦੇਣ ਲਈ ਕੰਪਿਊਟਰ ਰੈਂਡਮਾਈਜੇਸ਼ਨ ਰਾਹੀ ਕੱਢੇ ਗਏ ਡਰਾਅ
ਤਰਨ ਤਾਰਨ, 14 ਸਤੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਨੈਸ਼ਨਲ ਗਰੀਨ ਟ੍ਰਿਬਿਊਨਲ ਨਵੀ ਦਿੱਲੀ ਰਾਹੀਂ ਜਾਰੀ ਹੁਕਮਾਂ ਦੀ ਸਖਤੀ ਨਾਲ ਪਾਲਣਾਂ ਕਰਦੇ ਹੋਏ ਜਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਜਿਲੇ ਦੇ ਹਰੇਕ ਪਿੰਡ ਵਿੱਚ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ 8 ਪ੍ਰਚਾਰ ਵੈਨਾਂ ਨੂੰ ਬਲਾਕ ਤਰਨਤਾਰਨ, ਨੌਸ਼ਹਿਰਾ ਪਨੂੰਆਂ, ਚੋਹਲਾ ਸਾਹਿਬ, ਖਡੂਰ ਸਾਹਿਬ, ਭਿੱਖੀਵਿੰਡ, ਵਲਟੋਹਾ, ਪੱਟੀ ਲਈ ਅੱਜ ਜ਼ਿਲਾ ਪ੍ਬੰਧਕੀ ਕੰਪਲੈਕਸ ਤਰਨ ਤਾਰਨ ਤੋਂ ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਕੁਮਾਰ ਵਲੋਂ ਹਰੀ ਝੰਡੀ ਦੇ ਕੇ ਰਾਵਾਨਾ ਕੀਤਾ ਗਿਆ, ਜੋ ਕਿ ਜਿਲੇ ਦੇ ਹਰੇਕ ਪਿੰਡ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨਗੀਆਂ ਅਤੇ ਇਸ ਤੋ ਹੋਣ ਵਾਲੇ ਨੁਕਸਾਨ ਜਿਵੇਂ ਕਿ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣਾ, ਸੜਕੀ ਹਾਦਸਿਆਂ ਤੋ ਬਚਾਅ, ਮਿੱਤਰ ਕੀੜਿਆਂ ਦੀ ਸਾਂਭ - ਸੰਭਾਲ ਅਤੇ ਧਰਤੀ ਵਿਚਲੇ ਖੁਰਾਕੀ ਖੁਰਾਕੀ ਤੱਤਾਂ ਦੀ ਉਪਲੱਬਧਤਾ ਬਾਰੇ ਸੁਚੱਜੀ ਜਾਣਕਾਰੀ ਦੇਣਗੇ। ਇਹਨਾਂ ਵੈੱਨਾਂ ਦੇ ਨਾਲ ਖੇਤੀਬਾੜੀ ਵਿਭਾਗ ਤੋਂ ਕਰਮਚਾਰੀ ਵੀ ਵੈਨਾਂ ਦੇ ਨਾਲ ਭੇਜੇ ਗਏ ਹਨ, ਜੋ ਕਿ ਕਿਸਾਨਾਂ ਨੂੰ ਨਿੱਜੀ ਤੌਰ ਤੇ ਮਿਲ ਕੇ ਜਾਗਰੂਕ ਕਰਨਗੇ। ਮੁੱਖ ਖੇਤੀਬਾੜੀ ਅਫਸਰ ਡਾ ਹਰਪਾਲ ਸਿੰਘ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਹੀ ਲਗਾਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਇਸ ਸੰਬੰਧੀ ਪ੍ਰੇਰਿਤ ਕਰਨ ਲਈ ਵਿਭਾਗ ਵੱਲੋ ਸੁਚਜੇ ਕਦਮ ਚੁਕੇ ਜਾ ਰਹੇ ਹਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਵੈਨਾਂ ਚਲਾਉਣ ਉਪਰੰਤ ਡਿਪਟੀ ਕਮਿਸ਼ਨਰ ਤਰਨ ਤਾਰਨ ਦੀ ਪ੍ਰਧਾਨਗੀ ਹੇਠ ਪਰਾਲੀ ਪ੍ਰਬੰਧਨ ਮਸ਼ੀਨਾਂ ਕਿਸਾਨਾਂ ਨੂੰ ਸਬਸਿਡੀ ਤੇ ਦੇਣ ਲਈ ਕੰਪਿਊਟਰ ਰੈਂਡਮਾਈਜੇਸ਼ਨ ਰਾਹੀ ਡਰਾਅ ਕੱਢੇ ਗਏ। ਮੁੱਖ ਖੇਤੀਬਾੜੀ ਅਫਸਰ, ਡਾ: ਹਰਪਾਲ ਸਿੰਘ ਪੰਨੂ ਨੇ ਦੱਸਿਆ ਕਿ ਪਰਾਲੀ ਪ੍ਰਬੰਧਨ ਮਸ਼ੀਨਾਂ ਲਈ ਵੱਖ-ਵੱਖ ਕੈਟਾਗਰੀਆਂ ਵਿੱਚ 3908 ਕਿਸਾਨਾਂ ਦੀਆਂ ਅਰਜੀਆਂ ਪੋਰਟਲ ਰਾਹੀ ਪ੍ਰਾਪਤ ਹੋਈਆਂ ਸਨ। ਜਿਸ ਵਿੱਚੋ 859 ਕਿਸਾਨਾਂ ਦੀਆਂ ਅਰਜੀਆਂ ਨੂੰ ਟੀਚੇ ਅਨੁਸਾਰ ਕੰਪਿਊਟਰ ਰੈਂਡਮਾਈਜੇਸ਼ਨ ਤਰੀਕੇ ਨਾਲ ਡਰਾਅ ਕੱਢੇ ਕੇ ਚੋਣ ਕੀਤੀ ਗਈ ਹੈ। ਇਸ ਡਰਾਅ ਸਬੰਧੀ ਜਿਲ੍ਹਾ ਕਾਰਜਕਾਰੀ ਕਮੇਟੀ ਅਤੇ ਡਰਾਅ ਸਮੇਂ ਮੌਜੂਦ ਕਿਸਾਨਾਂ ਨੇ ਸਹਿਮਤੀ ਪ੍ਰਗਟਾਈ । ਡਿਪਟੀ ਕਮਿਸ਼ਨਰ ਤਰਨ ਤਾਰਨ ਨੇ ਕਿਹਾ ਕਿ ਚੁਣੇ ਗਏ ਲਾਭਪਾਤਰੀਆਂ ਨੂੰ ਪੋਰਟਲ ਰਾਹੀ ਸੈਕਸ਼ਨ ਪੱਤਰ ਜਾਰੀ ਹੋਣਗੇ। ਚੁਣੇ ਗਏ ਸਾਰੇ ਲਾਭਪਾਤਰੀ ਸੈਕਸ਼ਨ ਪੱਤਰ ਜਾਰੀ ਹੋਣ ਤੋ 14 ਦਿਨਾਂ ਤੱਕ ਆਪਣੀਆਂ ਮਸ਼ੀਨਾਂ ਖਰੀਦ ਸਕਦੇ ਹਨ।