ਪੰਜਾਬ ਸਰਕਾਰ ਅਤੇ ਜੇਲ੍ਹ ਵਿਭਾਗ ਵੱਲੋਂ ਗ੍ਰਿਫ਼ਤਾਰ ਕੀਤੇ 5 ਜੇਲ੍ਹ ਅਧਿਕਾਰੀਆਂ ਨੂੰ ਅਦਾਲਤ ਨੇ ਦਿੱਤੀ ਜ਼ਮਾਨਤ

ਤਰਨਤਾਰਨ, 06 ਮਾਰਚ : ਸ੍ਰੀ ਗੋਇੰਦਵਾਲ ਸਾਹਿਬ ਜੇਲ੍ਹ ਦੀ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹ ਜੇਲ੍ਹ ਇਕ ਵਾਰ ਮੁੜ ਸੁਰਖੀਆਂ ’ਚ ਆਈ ਹੈ। ਵਾਇਰਲ ਵੀਡੀਓ ਤੋਂ ਬਾਅਦ ਪੰਜਾਬ ਸਰਕਾਰ ਅਤੇ ਜੇਲ੍ਹ ਵਿਭਾਗ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ 7 ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰਕੇ 5 ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਇਸ ਜੇਲ੍ਹ ਅੰਦਰ ਬੰਦ ਇਕ ਸਚਿਨ ਭਵਾਨੀ ਨਾਮ ਦੇ ਗੈਂਗਸਟਰ ਅਤੇ ਹੋਰਨਾਂ ਗੈਗਸਟਰਾਂ ਦੀ ਇਕ ਵੀਡੀਓ ਬੀਤੇ ਕੱਲ੍ਹ ਵਾਇਰਲ ਹੋਈ ਸੀ। ਇਹ ਵੀਡੀਓ ਉਸ ਦਿਨ ਦੀ ਹੈ ਜਿਸ ਦਿਨ ਜੇਲ੍ਹ ਅੰਦਰ ਗੈਂਗਵਾਰ ਹੋਈ ਸੀ। ਜਿਸ ਦੌਰਾਨ ਜੱਗੂ ਭਗਵਾਨਪੁਰੀਆ ਗਰੁੱਪ ਦੇ ਦੋ ਗੈਂਗਸਟਰ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਨ ਸਿੰਘ ਮੋਹਣਾ ਮਾਰੇ ਗਏ ਸਨ ਅਤੇ ਕੇਸ਼ਵ ਬਠਿੰਡਾ ਤੇ ਕੁਝ ਹੋਰ ਗੈਂਗਸਟਰ ਜ਼ਖ਼ਮੀ ਹੋ ਗਏ ਸਨ। ਇਹ ਵੀਡੀਓ ਗੈਂਗਵਾਰ ਹੋਣ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਦੇ ਇਸ ਜੇਲ੍ਹ ਅੰਦਰ ਬੰਦ ਗੈਂਗਸਟਰਾਂ ਵੱਲੋਂ ਬਣਾਈ ਗਈ ਸੀ, ਜੋ ਸੋਸ਼ਲ ਮੀਡੀਆ ’ਤੇ ਬੜ੍ਹੀ ਤੇਜ਼ੀ ਨਾ ਵਾਇਰਲ ਹੋ ਰਹੀ ਹੈ। ਗੈਂਗਸਟਰ ਮਨਮੋਹਨ ਸਿੰਘ ਮੋਹਣਾ ਅਤੇ ਮਨਦੀਪ ਸਿੰਘ ਤੂਫਾਨ ਨੂੰ ਮਾਰਨ ਤੋਂ ਬਾਅਦ ਲਾਇਰੈਂਸ ਗਰੁੱਪ ਦੇ ਗੈਂਗਸਟਰ ਨੱਚਦੇ ਟੱਪਦੇ ਤੇ ਖੁਸ਼ੀ ਮਨਾਉਂਦੇ ਇਸ ਵੀਡੀਓ ਅੰਦਰ ਸਾਫ਼ ਦਿਖਾਈ ਦੇ ਰਹੇ ਹਨ। ਕੋਲ ਹੀ ਮ੍ਰਿਤਕ ਗੈਂਗਸਟਰਾਂ ਦੀਆਂ ਲਾਸ਼ਾਂ ਪਈਆਂ ਹਨ ਅਤੇ ਪੁਲਿਸ ਕਰਮਚਾਰੀ ਵੀ ਇਸ ਵਾਇਰਲ ਵੀਡੀਓ ਵਿੱਚ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਵੀਡੀਓ ਵਿੱਚ ਕੁਝ ਗੈਂਗਸਟਰਾਂ ਵੱਲੋਂ ਗੈਂਗਸਟਰ ਮਨਦੀਪ ਸਿੰਘ ਤੁਫ਼ਾਨ ਅਤੇ ਮਨਮੋਹਨ ਸਿੰਘ ਦੇ ਹੋਏ ਦੋਹਰੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ। ਵਾਇਰਲ ਵੀਡੀਓ ਤੋਂ ਬਾਅਦ ਅੱਜ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਜੇਲ੍ਹ ਵਿਭਾਗ ਵੱਲੋਂ 7 ਅਧਿਕਾਰੀ ਮੁਅੱਤਲ ਕੀਤੇ ਗਏ ਹਨ। ਮੁਅੱਤਲ ਕੀਤੇ ਅਧਿਕਾਰੀਆਂ ਸਬੰਧੀ ਜੇਲ੍ਹ ਵਿਭਾਗ ਦੇ ਆਈ ਜੀ ਸੁਖਚੈਨ ਸਿੰਘ ਗਿੱਲ ਵੱਲੋਂ ਪ੍ਰੈਸ ਕਾਨਫਰੰਸ ਕਰ ਕੇ ਜਾਣਕਾਰੀ ਦਿੱਤੀ ਗਈ ਸੀ। ਆਈਜੀ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਮੁਅੱਤਲ ਕੀਤੇ ਅਧਿਕਾਰੀਆਂ ਵਿੱਚ ਇਕਬਾਲ ਸਿੰਘ ਬਰਾੜ ਸੁਪਰਡੈਂਟ, ਵਿਜੇ ਕੁਮਾਰ ਅਡੀਸਨਲ ਸੁਪਰਡੈਂਟ, ਜਸਪਾਲ ਸਿੰਘ ਖਹਿਰਾ ਅਡੀਸਨਲ ਸੁਪਰਡੈਂਟ, ਹਰੀਸ਼ ਕੁਮਾਰ‌ ਅਸਿਸਟੈਂਟ ਸੁਪਰਡੈਂਟ, ਏਐੱਸਆਈ ਜੋਗਿੰਦਰ ਸਿੰਘ, ਏ ਐੱਸ ਆਈ ਹਰਚਰਨ ਸਿੰਘ, ਹੈੱਡ ਕਾਂਸਟੇਬਲ ਸੁਰਿੰਦਰ ਸਿੰਘ ਆਦਿ ਨਾਮ ਸ਼ਾਮਲ ਹਨ ਜਿਨ੍ਹਾਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਵਿਚੋਂ ਇਕਬਾਲ ਸਿੰਘ ਸੁਪਰਡੈਂਟ, ਵਿਜੇ ਕੁਮਾਰ ਅਡੀਸਨਲ ਸੁਪਰਡੈਂਟ, ਹਰੀਸ਼ ਕੁਮਾਰ‌ ਅਸਿਸਟੈਂਟ ਸੁਪਰਡੈਂਟ, ਏਐੱਸਆਈ ਹਰਚਰਨ ਸਿੰਘ ਤੇ ਏਐੱਸਆਈ ਜੋਗਿੰਦਰ ਸਿੰਘ ਨੂੰ ਅੱਜ ਮਾਨਯੋਗ ਸਿਵਲ ਕੋਰਟ ਖਡੂਰ ਸਾਹਿਬ ਵਿੱਚ ਜੱਜ ਗੁਰਪ੍ਰੀਤ ਕੌਰ ਸਾਹਮਣੇ ਪੇਸ਼ ਕੀਤਾ ਗਿਆ ਅਤੇ ਮਾਨਯੋਗ ਜੱਜ ਸਾਹਿਬ ਵੱਲੋਂ ਸਾਰੇ ਅਧਿਕਾਰੀਆਂ ਨੂੰ ਰਿਲੀਜ਼ ਕਰਨ ਦੇ ਹੁਕਮ ਦੇ ਦਿੱਤੇ ਹਨ।