ਕੋਲੰਬੋ, 15 ਅਗਸਤ : ਉੱਤਰੀ ਸ਼੍ਰੀਲੰਕਾ ਦੇ ਮਾਨਕੁਲਮ ਇਲਾਕੇ 'ਚ ਦੋ ਵਾਹਨਾਂ ਵਿਚਾਲੇ ਹੋਈ ਟੱਕਰ 'ਚ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਕਿ ਰਾਜਧਾਨੀ ਕੋਲੰਬੋ ਤੋਂ ਜਾਫਨਾ ਜਾ ਰਹੀ ਇਕ ਵੈਨ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟਕਰਾ ਗਈ। ਜਿਸ ਵਿਚ 3 ਲੋਕਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ। ਪੁਲਸ ਮੁਤਾਬਕ ਵੈਨ ਉਸੇ ਦਿਸ਼ਾ 'ਚ ਖੜ੍ਹੀ ਇਕ ਲਾਰੀ ਦੇ ਪਿਛਲੇ ਹਿੱਸੇ ਨਾਲ ਟਕਰਾ ਗਈ ਅਤੇ ਫਿਰ ਉਸ ਦੇ ਸਾਹਮਣੇ ਇਕ ਹੋਰ ਲਾਰੀ ਨਾਲ ਟਕਰਾ ਗਈ। ਹਾਦਸੇ ਸਮੇਂ ਪਿੱਛੇ ਤੋਂ ਆ ਰਹੀ ਲਾਰੀ ਦਾ ਡਰਾਈਵਰ ਗੱਡੀ ਤੋਂ ਫ਼ਰਾਰ ਹੋ ਗਿਆ ਸੀ ਅਤੇ ਦੋਵੇਂ ਲਾਰੀਆਂ ਵਿਚਕਾਰ ਫਸ ਜਾਣ ਕਾਰਨ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਲਾਰੀ ਦੇ ਪਿੱਛੇ ਬੈਠੇ ਇੱਕ ਵਿਅਕਤੀ ਅਤੇ ਵੈਨ ਦੀ ਅਗਲੀ ਸੀਟ 'ਤੇ ਸਵਾਰ ਇੱਕ ਵਿਅਕਤੀ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਸਨ, ਜਦੋਂ ਕਿ ਤਿੰਨਾਂ ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਮਾਨਕੁਲਮ ਹਸਪਤਾਲ ਵਿੱਚ ਦਮ ਤੋੜ ਦਿੱਤਾ ਸੀ। ਇਸ ਦੌਰਾਨ ਵੈਨ ਵਿੱਚ ਸਫ਼ਰ ਕਰ ਰਹੀਆਂ ਤਿੰਨ ਔਰਤਾਂ ਅਤੇ ਲਾਰੀ ਵਿੱਚ ਸਫ਼ਰ ਕਰ ਰਹੇ ਇੱਕ ਪੁਰਸ਼ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਕਿਲੀਨੋਚੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਜਦੋਂਕਿ ਲਾਰੀ ਵਿੱਚ ਸਵਾਰ ਤਿੰਨ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਮਾਨਕੁਲਮ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਮ੍ਰਿਤਕਾਂ ਦੀ ਪਛਾਣ ਮੁਲੇਰੀਆਵਾ ਨਿਊ ਟਾਊਨ, ਵੇਲਾਮਪਿਤੀਆ ਅਤੇ ਜਾਫਨਾ ਦੇ ਨਿਵਾਸੀਆਂ ਵਜੋਂ ਹੋਈ ਹੈ, ਜਿਨ੍ਹਾਂ ਦੀ ਉਮਰ 38, 46 ਅਤੇ 58 ਸਾਲ ਹੈ। ਹਾਦਸੇ ਸਬੰਧੀ ਵੈਨ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।