ਲੰਡਨ, 15 ਜੂਨ : ਕੇਂਦਰੀ ਇੰਗਲੈਂਡ ਦੇ ਨਾਟਿੰਘਮ ਵਿਚ ਭਾਰਤੀ ਮੂਲ ਦੀ ਹਾਕੀ ਖਿਡਾਰਨ ਦੀ ਚਾਕੂ ਮਾਰ ਕੇ ਹਤਿਆ ਕਰ ਦਿਤੀ ਗਈ। ਲੜਕੀ ਦੀ ਪਛਾਣ ਗਰੇਸ ਓਮਾਲੇ ਕੁਮਾਰ ਵਜੋਂ ਹੋਈ ਹੈ ਜੋ ਕਿ ਇਕ ਮੈਡੀਕਲ ਵਿਦਿਆਰਥਣ ਅਤੇ ਕ੍ਰਿਕਟ ਖਿਡਾਰਨ ਵੀ ਸੀ। ਗਰੇਸ ਲੰਡਨ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਡਾਕਟਰ ਸੰਜੋਏ ਕੁਮਾਰ ਦੀ ਧੀ ਸੀ। ਬਿਆਨ ਮੁਤਾਬਕ ਗਰੇਸ ਦੀ ਇੱਛਾ ਡਾਕਟਰ ਬਣਨ ਦੀ ਸੀ ਅਤੇ ਉਹ ਯੂਨੀਵਰਸਿਟੀ ਵਿਚ ਹਾਕੀ ਖੇਡਣ ਦੇ ਨਾਲ-ਨਾਲ ਮੈਡੀਕਲ ਦੀ ਪੜ੍ਹਾਈ ਦਾ ਪਹਿਲਾ ਸਾਲ ਵੀ ਕਰ ਰਹੀ ਸੀ। ਮੰਗਲਵਾਰ ਨੂੰ ਨਾਟਿੰਘਮ ਵਿਚ ਹੋਏ ਵੱਖ-ਵੱਖ ਹਮਲਿਆਂ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਜਿਸ ਸਮੇਂ ਗਰੇਸ ’ਤੇ ਹਮਲਾ ਹੋਇਆ, ਉਸ ਦੌਰਾਨ ਉਹ ਨਾਟਿੰਘਮ ਯੂਨੀਵਰਸਿਟੀ ਦੇ ਸਹਿਪਾਠੀ ਅਤੇ ਕ੍ਰਿਕਟਰ ਦੋਸਤ ਬਾਰਨਬੀ ਵੈਬਰ ਨਾਲ ਸੀ। ਇਸ ਘਟਨਾ ਵਿਚ ਦੋਵਾਂ ਦੀ ਮੌਤ ਹੋ ਗਈ। ਹਮਲਾਵਰ ਦੀ ਪਛਾਣ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਨਾਟਿੰਘਮਸ਼ਾਇਰ ਪੁਲਿਸ ਅਨੁਸਾਰ 31 ਸਾਲਾ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਸ ਨੇ ਇਕ 60 ਸਾਲਾ ਵਿਅਕਤੀ ਦੀ ਚਾਕੂ ਮਾਰ ਕੇ ਹਤਿਆ ਕਰ ਦਿਤੀ ਅਤੇ ਉਸ ਦੀ ਵੈਨ ਚੋਰੀ ਕਰ ਕੇ ਤਿੰਨ ਲੋਕਾਂ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ, ਜੋ ਅਜੇ ਵੀ ਹਸਪਤਾਲ ਵਿਚ ਭਰਤੀ ਹਨ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ 'ਹਾਊਸ ਆਫ ਕਾਮਨਜ਼' ਸੈਸ਼ਨ ਦੀ ਸ਼ੁਰੂਆਤ ਵਿਚ ਇਨ੍ਹਾਂ ਘਟਨਾਵਾਂ ’ਤੇ ਚਿੰਤਾ ਜ਼ਾਹਰ ਕਰਦਿਆਂ ਪੀੜਤ ਪ੍ਰਵਾਰਾਂ ਨਾਲ ਹਮਦਰਦੀ ਜਤਾਈ ਹੈ। ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਬਾਅਦ ਵਿਚ "ਭਿਆਨਕ ਘਟਨਾ" ਬਾਰੇ ਸੰਸਦ ਨੂੰ ਜਾਣਕਾਰੀ ਦੇਣ ਲਈ ਇਕ ਬਿਆਨ ਦਿਤਾ ਅਤੇ ਪੁਸ਼ਟੀ ਕੀਤੀ ਕਿ ਇਸ ਪੜਾਅ 'ਤੇ ਇਸ ਨੂੰ ਅਤਿਵਾਦੀ ਹਮਲੇ ਵਜੋਂ ਨਹੀਂ ਮੰਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਤਨਦੇਹੀ ਨਾਲ ਕੰਮ ਕਰ ਰਹੀ ਹੈ।