ਟੈਕਸਾਸ, 16 ਜੂਨ : ਅਮਰੀਕਾ ਦੇ ਟੈਕਸਾਸ ਸੂਬੇ ਦੇ ਇਕ ਛੋਟੇ ਜਿਹੇ ਕਸਬੇ 'ਚ ਤੂਫਾਨ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 75 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸਾਢੇ ਅੱਠ ਹਜ਼ਾਰ ਦੀ ਆਬਾਦੀ ਵਾਲੇ ਪੇਰੀਟਨ ਸ਼ਹਿਰ 'ਚ ਵੀਰਵਾਰ ਸ਼ਾਮ ਕਰੀਬ 5.10 ਵਜੇ ਤੂਫਾਨ ਨੇ ਤਬਾਹੀ ਮਚਾਈ। ਪੇਰੀਟਨ ਫਾਇਰ ਚੀਫ ਪਾਲ ਡਚਰ ਨੇ ਕਿਹਾ ਕਿ ਤਿੰਨ ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ ਅਤੇ 75 ਤੋਂ 100 ਲੋਕਾਂ ਨੂੰ ਸਥਾਨਕ ਹਸਪਤਾਲਾਂ ਵਿਚ ਭਰਤੀ ਕਰਵਾਇਆ ਗਿਆ ਹੈ। ਓਚਿਲਟਰੀ ਜਨਰਲ ਹਸਪਤਾਲ ਦੇ ਸੀਐਫਓ ਡੇਬੀ ਬੇਕ ਨੇ ਸੀਐਨਐਨ ਨੂੰ ਦਸਿਆ ਕਿ ਪੇਰੀਟਨ ਹਸਪਤਾਲ ਵਿਚ 50 ਤੋਂ 100 ਜ਼ਖ਼ਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਹਸਪਤਾਲ ਵਿਚ ਬਿਨ੍ਹਾਂ ਬਿਜਲੀ ਦੇ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ। ਬੇਕ ਨੇ ਕਿਹਾ ਕਿ ਤੂਫਾਨ ਪੈਰੀਟਨ ਉੱਤਰ-ਪੂਰਬੀ ਹਿੱਸੇ 'ਚ ਆਇਆ ਅਤੇ ਮੇਨ ਸਟ੍ਰੀਟ ਦੇ ਇਕ ਹਿੱਸੇ ਵਿਚ ਚਲਾ ਗਿਆ, ਜਿਸ ਨਾਲ ਘਰਾਂ ਅਤੇ ਕਾਰੋਬਾਰਾਂ ਨੂੰ ਭਾਰੀ ਨੁਕਸਾਨ ਹੋਇਆ। ਉਹਨਾਂ ਕਿਹਾ ਕਿ ਫਾਇਰ ਵਿਭਾਗ ਅਤੇ ਈਐਮਐਸ ਵੀ ਪ੍ਰਭਾਵਿਤ ਹੋਏ ਹਨ ਅਤੇ ਇਕ ਟ੍ਰੇਲਰ ਪਾਰਕ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ।