ਪਿਸ਼ਾਵਰ (ਪੀਟੀਆਈ), 30 ਮਾਰਚ : ਉੱਤਰ ਪੱਛਮੀ ਪਾਕਿਸਤਾਨ ਵਿਚ ਵੀਰਵਾਰ ਨੂੰ ਤਾਲਿਬਾਨੀ ਅੱਤਵਾਦੀਆਂ ਨੇ ਸੁਰੱਖਿਆ ਬਲਾਂ ਨੂੰ ਲੈ ਕੇ ਜਾ ਰਹੀ ਗੱਡੀ ’ਤੇ ਹਮਲਾ ਕਰ ਦਿੱਤਾ, ਇਸ ਵਿਚ ਡੀਐੱਸਪੀ ਸਣੇ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਜਦਕਿ ਛੇ ਜ਼ਖ਼ਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਲਈ ਹੈ। ਇਹ ਹਮਲਾ ਖੈਬਰ ਪਖ਼ਤੂਨਖਵਾ ਸਥਿਤ ਲੱਕੀ ਮਰਵਤ ਇਲਾਕੇ ਵਿਚ ਕੀਤਾ ਗਿਆ। ਉਹ ਸਾਰੇ ਸਦਰ ਪੁਲਿਸ ਸਟੇਸ਼ਨ ਜਾ ਰਹੇ ਸਨ। ਮਰਨ ਵਾਲਿਆਂ ਵਿਚ ਡੀਐੱਸਪੀ ਰੈਂਕ ਦਾ ਇਕ ਅਧਿਕਾਰੀ ਵੀ ਸ਼ਾਮਲ ਹੈ। ਖੈਬਰ ਪਖ਼ਤੂਨਖਵਾ ਦੇ ਪੁਲਿਸ ਮੁਖੀ ਅਖ਼ਤਰ ਹਯਾਤ ਖ਼ਾਨ ਨੇ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਇਕ ਪੁਲਿਸ ਬੁਲਾਰੇ ਨੇ ਦੱਸਿਆ ਕਿ ਘਟਨਾ ਵੀਰਵਾਰ ਤੜਕੇ ਦੀ ਹੈ। ਅੱਤਵਾਦੀ ਅਤਿ-ਆਧੁਨਿਕ ਹਥਿਆਰਾਂ ਨਾਲ ਲੈਸ ਸਨ। ਪੁਲਿਸ ਅਤੇ ਅੱਤਵਾਦੀਆਂ ਵਿਚਾਲੇ ਭਾਰੀ ਗੋਲ਼ੀਬਾਰੀ ਹੋਈ। ਜਵਾਬੀ ਕਾਰਵਾਈ ਤੋਂ ਬਾਅਦ ਅੱਤਵਾਦੀ ਹਨੇਰੇ ਦਾ ਫਾਇਦਾ ਚੁੱਕ ਕੇ ਭੱਜ ਗਏ। ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਜ਼ਖ਼ਮੀ ਪੁਲਿਸ ਮੁਲਾਜ਼ਮਾਂ ਦੇ ਜਲਦੀ ਠੀਕ ਹੋਣ ਦੀ ਦੁਆ ਮੰਗੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਅੱਤਵਾਦੀਆਂ ਨਾਲ ਲੜਨ ਵਿਚ ਪੁਲਿਸ ਵਾਲੇ ਅਹਿਮ ਭੂਮਿਕਾ ਨਿਭਾਅ ਰਹੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਹਾਲ ਦੇ ਦਿਨਾਂ ਵਿਚ ਅੱਤਵਾਦੀ ਸੰਗਠਨਾਂ ਵੱਲੋਂ ਹਮਲਿਆਂ ਦੀਆਂ ਘਟਨਾਵਾਂ ਵਿਚ ਕਾਫੀ ਵਾਧਾ ਹੋਇਆ ਹੈ। ਪਿਛਲੇ ਕੁਝ ਮਹੀਨਿਆਂ ਦੌਰਾਨ ਕਾਨੂੰਨ ਵਿਵਸਥਾ ਦੀ ਸਥਿਤੀ ਹੋਰ ਖ਼ਰਾਬ ਹੋ ਗਈ ਹੈ। ਖੈਬਰ ਪਖ਼ਤੂਨਖਵਾ ਅਤੇ ਬਲੋਚਿਸਤਾਨ ਵਿਚ ਹਾਲਾਤ ਕਾਫੀ ਬਦਤਰ ਹਨ।