ਪਿਸ਼ਾਵਰ, 01 ਸਤੰਬਰ : ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀਟੀਪੀ) ਨੇ ਫ਼ੌਜ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾਇਆ। ਇਸ ਆਤਮਘਾਤੀ ਹਮਲੇ ’ਚ 9 ਜਵਾਨਾਂ ਦੀ ਮੌਤ ਹੋ ਗਈ ਤੇ 5 ਜ਼ਖ਼ਮੀ ਹੋ ਗਏ। ਆਤਮਘਾਤੀ ਅੱਤਵਾਦੀ ਨੇ ਬਾਈਕ ਨਾਲ ਵਾਹਨ ਨੂੰ ਟੱਕਰ ਮਾਰੀ। ਪਾਕਿਸਤਾਨ ਦੇ ਕਾਰਜਕਾਰੀ ਪ੍ਰਧਾਨ ਮੰਤਰੀ ਅਨਵਾਰੁਲ ਹੱਕ ਕਾਕਰ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਹੈ। ਇਹ ਹਮਲਾ ਉਦੋਂ ਹੋਇਆ ਹੈ ਜਦੋਂ ਪਾਕਿਸਤਾਨ ਦੀ ਕਾਰਜਕਾਰੀ ਸਰਕਾਰ ਨੂੰ ਬਣੇ ਹਾਲੇ 15 ਦਿਨ ਵੀ ਨਹੀਂ ਹੋਏ। 17 ਅਗਸਤ ਨੂੰ ਕਾਰਜਕਾਰੀ ਸਰਕਾਰ ਬਣਾਈ ਗਈ ਸੀ। ਪਾਕਿਸਤਾਨੀ ਫ਼ੌਜ ’ਤੇ ਇਹ ਪਹਿਲਾ ਹਮਲਾ ਨਹੀਂ ਹੈ। ਖ਼ੈਬਰ ਪਖ਼ਤੂਨਖ਼ਵਾ ਸੂਬੇ ’ਚ ਹੀ ਇਕ ਮਹੀਨੇ ਅੰਦਰ ਇਹ ਦੂਜਾ ਹਮਲਾ ਹੈ। ਇਸ ਤੋਂ ਪਹਿਲਾਂ 30 ਜੁਲਾਈ ਨੂੰ ਇਕ ਸਿਆਸੀ ਪਾਰਟੀ ਦੀ ਬੈਠਕ ’ਚ ਆਤਮਘਾਤੀ ਹਮਲਾ ਹੋਇਆ ਸੀ ਜਿਸ ’ਚ 54 ਲੋਕਾਂ ਦੀ ਮੌਤ ਹੋ ਗਈ ਸੀ। 13 ਅਗਸਤ ਨੂੰ ਬਲੋਚਿਸਤਾਨ ’ਚ ਚੀਨੀ ਇੰਜੀਨੀਅਰਾਂ ਨੂੰ ਲਿਜਾ ਰਹੇ ਕਾਫ਼ਲੇ ’ਤੇ ਵੀ ਹਮਲਾ ਹੋਇਆ ਸੀ। ਬਲੋਚ ਲਿਬਰੇਸ਼ਨ ਆਰਮੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ। ਉਨ੍ਹਾਂ ਦਾਅਵਾ ਕੀਤਾ ਸੀ ਕਿ ਹਮਲੇ ’ਚ ਚਾਰ ਚੀਨੀ ਨਾਗਰਿਕ ਤੇ 9 ਫ਼ੌਜੀਆਂ ਦੀ ਮੌਤ ਹੋਈ ਸੀ।