ਵਾਸ਼ਿੰਗਟਨ, 02 ਅਪ੍ਰੈਲ : ਅਮਰੀਕਾ ਦੇ ਦੱਖਣੀ ਅਤੇ ਮੱਧ-ਪੱਛਮੀ ਹਿੱਸਿਆਂ 'ਚ ਸ਼ੁੱਕਰਵਾਰ ਨੂੰ ਉੱਠੇ ਤੂਫ਼ਾਨ ਨੇ ਭਾਰੀ ਤਬਾਹੀ ਮਚਾਈ ਹੈ। ਅਰਕੰਸਾਸ ਵਿਚ ਕਈ ਘਰਾਂ ਤੇ ਸ਼ਾਪਿੰਗ ਸੈਂਟਰਾਂ ਨੂੰ ਨੁਕਸਾਨ ਪਹੁੰਚਿਆ ਤੇ ਇਲੀਨੋਇਸ ਵਿਚ ਇਕ ਸੰਗੀਤ ਸਮਾਰੋਹ ਦੌਰਾਨ ਇਕ ਥੀਏਟਰ ਦੀ ਛੱਤ ਡਿੱਗ ਗਈ। ਤੂਫਾਨ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਇੰਡੀਆਨਾ ਵਿੱਚ ਵੀ ਭਾਰੀ ਨੁਕਸਾਨ ਦੀ ਸੂਚਨਾ ਮਿਲੀ ਹੈ। ਇੰਡੀਆਨਾ ਡਿਜ਼ਾਸਟਰ ਮੈਨੇਜਮੈਂਟ ਡਾਇਰੈਕਟਰ ਜਿਮ ਪਾਰਟਲੇ ਨੇ ਸ਼ਨੀਵਾਰ ਨੂੰ ਦੱਸਿਆ ਕਿ ਸੁਲੀਵਾਨ ਕਾਉਂਟੀ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ। ਤੂਫਾਨ ਨੇ ਸੁਲੀਵਾਨ 'ਚ ਘਰਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਕਈ ਲੋਕ ਲਾਪਤਾ ਹਨ। ਲਿਟਲ ਰੌਕ ਇਲਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੋ ਦਰਜਨ ਜ਼ਖ਼ਮੀ ਹੋ ਗਏ। ਉੱਤਰ-ਪੂਰਬੀ ਅਰਕੰਸਾਸ ਦੇ ਵਯਨ ਇਲਾਕੇ ਵਿਚ ਵੀ ਤਬਾਹੀ ਹੋਈ। ਅਧਿਕਾਰੀਆਂ ਨੇ ਇੱਥੇ ਦੋ ਲੋਕਾਂ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਕਈ ਘਰ ਢਹਿ ਗਏ ਅਤੇ ਲੋਕ ਮਲਬੇ 'ਚ ਫਸ ਗਏ।ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਬੇਲਵਿਡੇਰੇ, ਇਲੀਨੋਇਸ 'ਚ ਅਪੋਲੋ ਥੀਏਟਰ ਦੀ ਛੱਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 28 ਹੋਰ ਜ਼ਖਮੀ ਹੋ ਗਏ। ਬੇਲਵਿਡੇਰੇ ਫਾਇਰ ਡਿਪਾਰਟਮੈਂਟ ਦੇ ਮੁਖੀ ਨੇ ਕਿਹਾ ਕਿ ਘਟਨਾ ਦੇ ਸਮੇਂ ਘਟਨਾ ਸਥਾਨ 'ਤੇ 260 ਲੋਕ ਮੌਜੂਦ ਸਨ।