- ਅਸੈਂਬਲੀ ਹਾਲ 'ਚ ਪੁੱਜੇ ਸਿੱਖ, ਏਲੀਅਟ ਫੋਰਹੇਨ ਤੇ ਸੇਡਰਿਕ ਡੈਨਸਨ ਨਾਲ ਕੀਤੀ ਮੁਲਾਕਾਤ
ਕੋਲੰਬਸ, 26 ਜੂਨ : ਓਹਾਇਓ ਦੀ ਰਾਜਧਾਨੀ ਕੋਲੰਬਸ ਦੇ ਅਸੈਂਬਲੀ ਹਾਲ ਵਿੱਚ ਕੁਝ ਸਿੱਖਾਂ ਦਾ ਵਫ਼ਦ ਪੁੱਜਿਆ। ਉਥੇ ਸਿੱਖਾਂ ਦੇ ਇਕ ਵਫਦ ਨੇ ਸੂਬੇ ਦੇ ਪ੍ਰਤੀਨਿਧ ਏਲੀਅਟ ਫੋਰਹੇਨ ਨਾਲ ਮੁਲਾਕਾਤ ਕੀਤੀ। ਸਿੱਖਾਂ ਦੇ ਵਫਦ ਨੇ ਸੂਬੇ ਦੇ ਪ੍ਰਤੀਨਿਧ ਸੇਡਰਿਕ ਡੈਨਸਨ ਨਾਲ ਵੀ ਮੁਲਾਕਾਤ ਕੀਤੀ। ਉਹਨਾਂ ਨੇ ਸੂਬੇ ਦੇ ਵੱਖ-ਵੱਖ ਪਾਰਟੀਆਂ ਦੇ ਚੁਣੇ ਹੋਏ ਪ੍ਰਤੀਨਿਧਾਂ ਨੂੰ ਹਾਉਸ ਬਿੱਲ 171 ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ। ਇਹ ਬਿੱਲ ਓਹਾਇਓ ਸੂਬੇ ਦੀ ਡੀਸਟ੍ਰਿਕਟ 4 ਦੇ ਪ੍ਰਤੀਨਿਧ (ਰਿਪਰੀਜ਼ੈਨਟੇਟਿਵ) ਮੈਰੀ ਲਾਈਟਬੋਡੀ ਜੋ ਕਿ ਡੋਮੋਕਰੈਟ ਪਾਰਟੀ ਤੋਂ ਹਨ ਵਲੋਂ ਪੇਸ਼ ਕੀਤਾ ਗਿਆ ਹੈ। ਇਸ ਬਿੱਲ ਵਿੱਚ ਏਸ਼ੀਅਨ ਅਮਰੀਕੀ ਤੇ ਪੈਸੀਫਿਕ ਆਈਲੈਂਡ ਕਮਿਊਨਿਟੀ ਬਾਰੇ ਸਮਾਜਿਕ ਵਿਗਿਆਨ ਵਿੱਚ ਜਾਣਕਾਰੀ ਸ਼ਾਮਲ ਕਰਨ ਦੀ ਵਿਵਸਥਾ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਸ ਨਾਲ ਏਸ਼ੀਅਨ ਖਿੱਤੇ ਦੇ ਵੱਖ-ਵੱਖ ਭਾਈਚਾਰਿਆਂ ਦੀ ਜਾਣਕਾਰੀ ਸਮੇਤ ਸਿੱਖ ਧਰਮ ਬਾਰੇ ਵੀ ਜਾਣਕਾਰੀ ਸਕੂਲ ਦੇ ਪਾਠਕ੍ਰਮ ਵਿੱਚ ਸ਼ਾਮਲ ਹੋ ਸਕੇਗੀ। ਇਸ ਨਾਲ ਸਿੱਖ ਬੱਚਿਆਂ ਨਾਲ ਸਿੱਖ ਕਕਾਰਾਂ ਬਾਰੇ ਕੀਤੀ ਜਾਂਦੀ ਛੇੜਛਾੜ ਨੂੰ ਵੀ ਠੱਲ ਪਵੇਗੀ। ਓੁਹਾਇਓ ਦੇ ਸਿੱਖਾਂ ਨੇ ਵੱਖ-ਵੱਖ ਵਫਦ ਬਣਾ ਕੇ ਹਾਉਸ ਦੇ ਪ੍ਰਤੀਨਿਧ ਜੈਨੀਫਰ ਗਰੋਸ, ਏਲੀਅਟ ਫੋਰਹੈਨ, ਸੇਡਰਿਕ ਡੈਨਸਨ ਸਮੇਤ ਕਈ ਹੋਰਨਾਂ ਨਾਲ ਮੁਲਾਕਾਤ ਕਰਕੇ ਬਿੱਲ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇੱਥੇ ਵਰਨਣਯੋਗ ਹੈ ਕਿ ਸੂਬੇ ਦੇ ਵੱਖ-ਵੱਖ ਗੁਰਦੁਆਰਿਆਂ ਵਲੋਂ ਵੀ ਇਸ ਬਿਲ ਦੇ ਹੱਕ ਵਿੱਚ ਦਸਤਖਤੀ ਮੁਹਿੰਮ ਅਰੰਭੀ ਗਈ ਤੇ ਆਪਣੇ ਆਪਣੇ ਇਲਾਕੇ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤੇ ਗਏ। ਸਿੱਖ ਕੋਲੀਸ਼ਨ ਦੇ ਕਮਿਉਨਿਟੀ ਡਵੈਲਟਮੈਂਟ ਮੈਨੇਜਰ ਯਸ਼ਪ੍ਰੀਤ ਸਿੰਘ ਅਤੇ ਵਕੀਲ ਮਰੀਸਾ ਰੋਸੇਟੀ ਨੇ ਇਸ ਬਿੱਲ ਸੰਬੰਧੀ ਸਿੱਖ ਭਾਈਚਾਰੇ ਨਾਲ ਜਾਣਕਾਰੀ ਸਾਂਝੀ ਕੀਤੀ।