ਕੀਵ, 28 ਅਪ੍ਰੈਲ : ਰੂਸ ਨੇ ਸ਼ੁੱਕਰਵਾਰ ਤੜਕੇ ਯੂਕਰੇਨ ਦੇ ਕਈ ਸ਼ਹਿਰਾਂ 'ਤੇ ਮਿਜ਼ਾਈਲ ਹਮਲੇ ਕੀਤੇ। ਇਨ੍ਹਾਂ ਹਮਲਿਆਂ 'ਚ 19 ਲੋਕ ਮਾਰੇ ਗਏ ਹਨ ਅਤੇ ਵੱਡੀ ਗਿਣਤੀ 'ਚ ਜ਼ਖਮੀ ਹੋਏ ਹਨ। ਜ਼ਖਮੀਆਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪਿਛਲੇ ਦੋ ਮਹੀਨਿਆਂ 'ਚ ਯੂਕਰੇਨ ਦੇ ਸ਼ਹਿਰਾਂ 'ਤੇ ਰੂਸ ਦਾ ਇਹ ਸਭ ਤੋਂ ਵੱਡਾ ਹਮਲਾ ਸੀ। ਇਸ ਹਮਲੇ ਤੋਂ ਬਾਅਦ ਯੂਕਰੇਨ ਨੇ ਕਿਹਾ ਹੈ ਕਿ ਉਸ ਦੇ ਜਵਾਬੀ ਹਮਲੇ ਦੀਆਂ ਤਿਆਰੀਆਂ ਲਗਭਗ ਪੂਰੀਆਂ ਹੋ ਚੁੱਕੀਆਂ ਹਨ। ਉਹ ਹਮਲਿਆਂ 'ਚ ਰੂਸੀ ਫੌਜ ਨੂੰ ਪਿੱਛੇ ਧੱਕ ਕੇ ਆਪਣਾ ਖੋਹਿਆ ਹੋਇਆ ਮੈਦਾਨ ਮੁੜ ਪ੍ਰਰਾਪਤ ਕਰੇਗਾ। ਸ਼ੁੱਕਰਵਾਰ ਦੇ ਰੂਸੀ ਹਮਲੇ ਕਾਰਨ ਮੱਧ ਯੂਕਰੇਨ ਦੇ ਉਮਾਨ ਸ਼ਹਿਰ 'ਚ ਇਕ ਰਿਹਾਇਸ਼ੀ ਇਮਾਰਤ 'ਚ ਭਿਆਨਕ ਅੱਗ ਲੱਗ ਗਈ। ਇਸ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਉਮਾਨ 'ਚ ਰੂਸੀ ਹਮਲੇ 'ਚ ਦੋ ਬੱਚਿਆਂ ਸਮੇਤ 15 ਲੋਕਾਂ ਦੀ ਮੌਤ ਹੋ ਗਈ ਹੈ, 9 ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਮਲੇ ਨਾਲ ਨੁਕਸਾਨੀਆਂ ਗਈਆਂ ਇਮਾਰਤਾਂ ਦੇ ਮਲਬੇ ਹੇਠਾਂ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਦੱਖਣ-ਪੂਰਬ ਦੇ ਸ਼ਹਿਰ ਡੈਨਿਪਰੋ 'ਚ ਮਿਜ਼ਾਈਲ ਹਮਲੇ ਵਿਚ ਇਕ ਦੋ ਸਾਲਾ ਲੜਕੇ ਅਤੇ ਇਕ 31 ਸਾਲਾ ਅੌਰਤ ਦੀ ਮੌਤ ਹੋ ਗਈ ਅਤੇ ਤਿੰਨ ਲੋਕ ਜ਼ਖਮੀ ਹੋ ਗਏ। ਰਾਜਧਾਨੀ ਕੀਵ ਦੇ ਨੇੜੇ ਯੂਕ੍ਰੇਇੰਕਾ ਕਸਬੇ 'ਚ ਹੋਏ ਹਮਲੇ 'ਚ ਦੋ ਲੋਕ ਜ਼ਖ਼ਮੀ ਹੋ ਗਏ। ਕੀਵ ਨੂੰ ਨੁਕਸਾਨ ਪਹੁੰਚਾਉਣ ਲਈ ਚਲਾਈਆਂ ਗਈਆਂ 11 ਮਿਜ਼ਾਈਲਾਂ ਤੇ ਦੋ ਡਰੋਨ ਅਸਮਾਨ 'ਚ ਤਬਾਹ ਹੋ ਗਏ। ਕ੍ਰੇਮੇਨਚੁਕ ਅਤੇ ਪੋਲਟਾਵਾ ਦੇ ਸ਼ਹਿਰਾਂ 'ਤੇ ਵੀ ਮਿਜ਼ਾਈਲਾਂ ਨਾਲ ਹਮਲੇ ਕੀਤੇ ਗਏ ਹਨ ਪਰ ਅਜੇ ਤੱਕ ਨੁਕਸਾਨ ਦੀ ਰਿਪੋਰਟ ਨਹੀਂ ਹੈ।