ਆਸਟ੍ਰੇਲੀਆ, 02 ਫਰਵਰੀ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੇਥ-II ਦੀ ਮੌਤ ਤੋਂ ਬਾਅਦ ਆਸਟ੍ਰੇਲੀਆ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮਹਾਰਾਣੀ ਐਲਿਜ਼ਾਬੈਥ ਆਸਟ੍ਰੇਲੀਆ ਦੇ ਪੰਜ ਡਾਲਰ ਦੇ ਕਰੰਸੀ ਨੋਟ 'ਤੇ ਨਹੀਂ ਦਿਖਾਈ ਦੇਵੇਗੀ, ਇਸ ਦੀ ਬਜਾਏ ਆਸਟ੍ਰੇਲੀਆ ਆਪਣੇ ਸਵਦੇਸ਼ੀ ਸੱਭਿਆਚਾਰ ਦੇ ਇਤਿਹਾਸ ਨੂੰ ਦਰਸਾਏਗਾ। ਰਿਜ਼ਰਵ ਬੈਂਕ ਆਫ ਆਸਟ੍ਰੇਲੀਆ ਵੱਲੋਂ ਜਾਰੀ ਬਿਆਨ ਮੁਤਾਬਕ ਇਹ ਫੈਸਲਾ ਸੰਘੀ ਸਰਕਾਰ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ। ਹਾਲਾਂਕਿ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਨੋਟ ਦੇ ਦੂਜੇ ਪਾਸੇ ਆਸਟ੍ਰੇਲੀਆਈ ਸੰਸਦ ਦੀ ਤਸਵੀਰ ਰਹੇਗੀ। ਰਿਜ਼ਰਵ ਬੈਂਕ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਪੰਜ ਡਾਲਰ ਦੇ ਨੋਟ 'ਤੇ ਮਹਾਰਾਣੀ ਦੀ ਤਸਵੀਰ ਇਸ ਲਈ ਸ਼ਾਮਲ ਨਹੀਂ ਕੀਤੀ ਗਈ ਕਿਉਂਕਿ ਉਹ ਮਹਾਰਾਣੀ ਸੀ। ਸਗੋਂ ਇਹ ਤਸਵੀਰ ਉਸ ਦੀ ਸ਼ਖ਼ਸੀਅਤ ਨੂੰ ਦਰਸਾਉਂਦੀ ਹੈ। ਕਰੰਸੀ ਨੋਟ ਨੂੰ ਅਪਡੇਟ ਕਰਨ ਦਾ ਫੈਸਲਾ ਅਜਿਹੇ ਸਮੇਂ ਆਇਆ ਹੈ ਜਦੋਂ ਆਸਟਰੇਲੀਆ ਦੀ ਕੇਂਦਰ-ਖੱਬੇ ਪੱਖੀ ਲੇਬਰ ਸਰਕਾਰ ਸੰਵਿਧਾਨ ਨੂੰ ਬਦਲਣ ਲਈ ਜਨਮਤ ਸੰਗ੍ਰਹਿ ਲਈ ਜ਼ੋਰ ਦੇ ਰਹੀ ਹੈ। ਦੱਸ ਦਈਏ ਕਿ ਸਤੰਬਰ 2022 'ਚ ਆਸਟ੍ਰੇਲੀਆ ਨੇ ਸਪੱਸ਼ਟ ਕੀਤਾ ਸੀ ਕਿ ਮਹਾਰਾਣੀ ਐਲਿਜ਼ਾਬੇਥ ਤੋਂ ਬਾਅਦ ਨੋਟ 'ਤੇ ਕਿੰਗ ਚਾਰਲਸ ਦੀ ਤਸਵੀਰ ਨਹੀਂ ਛਾਪੀ ਜਾਵੇਗੀ, ਸਗੋਂ ਇਸ ਦੀ ਥਾਂ 'ਤੇ ਆਸਟ੍ਰੇਲੀਆਈ ਪ੍ਰਤੀਬਿੰਬ ਲਗਾਏ ਜਾਣਗੇ। ਰਿਜ਼ਰਵ ਬੈਂਕ ਨੇ ਕਿਹਾ ਕਿ ਉਹ 5 ਡਾਲਰ ਦੇ ਨੋਟ ਨੂੰ ਡਿਜ਼ਾਈਨ ਕਰਨ ਲਈ ਸਵਦੇਸ਼ੀ ਸਮੂਹਾਂ ਨਾਲ ਸਲਾਹ ਕਰੇਗਾ। ਨਵੇਂ ਨੋਟ ਨੂੰ ਡਿਜ਼ਾਈਨ ਕਰਨ ਅਤੇ ਛਾਪਣ ਵਿੱਚ ਕਈ ਸਾਲ ਲੱਗ ਜਾਣਗੇ। ਉਦੋਂ ਤੱਕ ਮੌਜੂਦਾ ਨੋਟ ਜਾਰੀ ਹੁੰਦੇ ਰਹਿਣਗੇ।