ਨਵੀਂ ਦਿੱਲੀ 10 ਸਤੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਲੋਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੇ ਇਸ ਮੁਲਾਕਾਤ ਦੇ ਦੌਰਾਨ ਕੈਨੇਡਾ ਵਿੱਚ ਕੱਟੜਪੰਥੀ ਤੱਤਾਂ ਦੀਆਂ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਜਾਰੀ ਰੱਖਣ ਬਾਰੇ ਸਖ਼ਤ ਚਿੰਤਾਵਾਂ ਤੋਂ ਟਰੂਡੋ ਨੂੰ ਜਾਣੂ ਕਰਵਾਇਆ। ਇਸ ਤੇ ਕੈਨੇਡੀਅਨ ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਖਾਲਿਸਤਾਨ ਕੱਟੜਪੰਥੀ ਅਤੇ "ਵਿਦੇਸ਼ੀ ਦਖਲਅੰਦਾਜ਼ੀ" ਦੇ ਮੁੱਦੇ 'ਤੇ ਨਰਿੰਦਰ ਮੋਦੀ ਨਾਲ ਕਈ ਵਾਰ ਗੱਲਬਾਤ ਕੀਤੀ ਹੈ। ਉਸਨੇ ਅੱਗੇ ਕਿਹਾ ਕਿ "ਕੁਝ ਲੋਕਾਂ ਦੀਆਂ ਕਾਰਵਾਈਆਂ" ਪੂਰੇ ਭਾਈਚਾਰੇ ਜਾਂ ਕੈਨੇਡਾ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ। ਅਸੀਂ ਹਿੰਸਾ ਨੂੰ ਰੋਕਣ ਅਤੇ ਨਫ਼ਰਤ ਨੂੰ ਪਿੱਛੇ ਧੱਕਣ ਲਈ ਹਮੇਸ਼ਾ ਕਾਰਵਾਈ ਕਰਦੇ ਰਹੇ ਹਾਂ। ਪ੍ਰਧਾਨ ਮੰਤਰੀ ਮੋਦੀ ਨੇ ਟਰੂਡੋ ਨੂੰ ਕਿਹਾ ਕਿ, ਭਾਰਤੀ ਡਿਪਲੋਮੈਟਾਂ ਵਿਰੁੱਧ ਹਿੰਸਾ ਭੜਕਾਉਣ, ਕੂਟਨੀਤਕ ਇਮਾਰਤਾਂ ਨੂੰ ਕੁੱਝ ਕੱਟੜਪੰਥੀ ਨੁਕਸਾਨ ਪਹੁੰਚਾ ਰਹੇ ਹਨ, ਅਤੇ ਕੈਨੇਡਾ ਵਿੱਚ ਭਾਰਤੀ ਭਾਈਚਾਰੇ ਅਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਨੂੰ ਧਮਕੀ ਦੇ ਰਹੇ ਹਨ। ਅਜਿਹੇ ਖਤਰਿਆਂ ਨਾਲ ਨਜਿੱਠਣ ਲਈ ਦੋਵਾਂ ਦੇਸ਼ਾਂ ਲਈ ਸਹਿਯੋਗ ਕਰਨਾ ਜ਼ਰੂਰੀ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਭਾਰਤ-ਕੈਨੇਡਾ ਸਬੰਧਾਂ ਦੀ ਪ੍ਰਗਤੀ ਲਈ ਆਪਸੀ ਸਤਿਕਾਰ ਅਤੇ ਵਿਸ਼ਵਾਸ 'ਤੇ ਆਧਾਰਿਤ ਸਬੰਧ ਜ਼ਰੂਰੀ ਹਨ। ਇਸ ਤੇ ਟਰੂਡੋ ਨੇ ਕਿਹਾ ਕਿ “ਮੈਂ ਸੋਚਦਾ ਹਾਂ ਕਿ ਭਾਈਚਾਰੇ ਦੇ ਮੁੱਦੇ 'ਤੇ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਪੂਰੇ ਭਾਈਚਾਰੇ ਜਾਂ ਕੈਨੇਡਾ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ ਹਨ। ਏਐਨਆਈ ਦੀ ਰਿਪੋਰਟ ਮੁਤਾਬਿਕ, ਕੈਨੇਡਾ 'ਚ ਪਿਛਲੇ ਕੁਝ ਕੁ ਸਾਲਾਂ ਦੌਰਾਨ ਖਾਲਿਸਤਾਨੀ ਅੱਤਵਾਦ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਇਸ ਸਾਲ ਜੂਨ ਵਿੱਚ, ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੇ ਜਸ਼ਨ ਵਿੱਚ ਕੈਨੇਡਾ ਵਿੱਚ ਇੱਕ ਝਾਂਕੀ ਪਰੇਡ ਦਾ ਆਯੋਜਨ ਕੀਤਾ ਗਿਆ ਸੀ, ਜਿਸਦੀ ਭਾਰਤ ਨੇ ਸਖ਼ਤ ਆਲੋਚਨਾ ਕੀਤੀ ਸੀ। ਇਸ ਸਾਲ ਮਾਰਚ ਵਿੱਚ ਖਾਲਿਸਤਾਨ ਸਮਰਥਕਾਂ ਨੇ ਕੈਨੇਡਾ ਵਿੱਚ ਭਾਰਤੀ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ ਕੀਤਾ ਸੀ। ਉਨ੍ਹਾਂ ਨੇ ਖਾਲਿਸਤਾਨ ਪੱਖੀ ਨਾਅਰੇ ਲਾਏ ਅਤੇ ਮੌਕੇ 'ਤੇ ਮੌਜੂਦ ਭਾਰਤੀ ਮੂਲ ਦੇ ਪੱਤਰਕਾਰਾਂ ਨਾਲ ਕਥਿਤ ਤੌਰ 'ਤੇ ਕੁੱਟਮਾਰ ਕੀਤੀ।