ਇਸਲਾਮਾਬਾਦ (ਏਜੰਸੀ), 30 ਜੂਨ : ਪਾਕਿਸਤਾਨ ਦੇ ਸਿੰਧ ਸੂਬੇ ਦੇ ਸੱਖਰ ਸ਼ਹਿਰ ’ਚ ਸਿੰਘ ਸਭਾ ਗੁਰਦੁਆਰੇ ’ਚ ਵੀਰਵਾਰ ਨੂੰ ਹੁੱਲੜਬਾਜ਼ ਜਬਰੀ ਵੜ ਆਏ। ਉਨ੍ਹਾਂ ਨੇ ਉੱਥੇ ਮੌਜੂਦ ਗ੍ਰੰਥੀ ਨੂੰ ਗਾਲ੍ਹਾਂ ਕੱਢੀਆਂ ਤੇ ਜਬਰੀ ਕੀਰਤਨ ਰੁਕਵਾ ਦਿੱਤਾ। ਗੁਰਦੁਆਰੇ ’ਚ ਮੌਜੂਦ ਸਥਾਨਕ ਹਿੰਦੂਆਂ ਤੇ ਸਿੱਖਾਂ ਨੇ ਦੋਸ਼ ਲਗਾਇਆ ਹੈ ਕਿ ਹੁੱਲੜਬਾਜ਼ਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੀ ਕੀਤੀ। ਹਾਲਾਂਕਿ ਬਾਅਦ ’ਚ ਗੁਰਦੁਆਰੇ ’ਚ ਮੌਜੂਦ ਲੋਕਾਂ ਨੇ ਹੁੱਲੜਬਾਜ਼ਾਂ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਪਰ ਸੰਗਤ ਦਾ ਕਹਿਣਾ ਹੈ ਕਿ ਪੁਲਿਸ ਨੇ ਹੁੱਲੜਬਾਜ਼ਾਂ ਨੂੰ ਨੂੰ ਬਗ਼ੈਰ ਜਾਂਚ ਤੇ ਪੁੱਛਗਿੱਛ ’ਤੇ ਛੱਡ ਦਿੱਤਾ। ਗੁਰਦੁਆਰੇ ਦੇ ਰਾਗੀ ਅਜੈ ਸਿੰਘ ਨੇ ਦੱਸਿਆ ਕਿ ਮੈਂ ਕੀਰਤਨ ਕਰ ਰਿਹਾ ਸੀ। ਉਸੇ ਵੇਲੇ ਲਾਊਡ ਸਪੀਕਰ ਦੀ ਆਵਾਜ਼ ਘੱਟ ਹੋ ਗਈ ਤੇ ਭਾਜੜ ਪੈ ਗਈ। ਮੈਨੂੰ ਦੱਸਿਆ ਗਿਆ ਕਿ ਕੁਝ ਲੋਕਾਂ ਨੇ ਜਬਰੀ ਕੀਰਤਨ ਬੰਦ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗ ਪਿਛਲੇ ਸੌ ਸਾਲਾਂ ਤੋਂ ਇਸ ਗੁਰਦੁਆਰੇ ਦੀ ਸੇਵਾ ਕਰਦੇ ਆ ਰਹੇ ਹਨ। ਅਸੀਂ ਕਦੇ ਵੀ ਕਿਸੇ ਨੂੰ ਪਰੇਸ਼ਾਨ ਨਹੀਂ ਕੀਤਾ। ਕੀ ਪਾਕਿਸਤਾਨ ’ਚ ਘੱਟਗਿਣਤੀਆਂ ਨਾਲ ਇਹੋ ਜਿਹਾ ਸਲੂਕ ਕੀਤਾ ਜਾਂਦਾ ਹੈ? ਹਿੰਦੂਆਂ ਤੇ ਸਿੱਖਾਂ ਨੇ ਪੁਲਿਸ ਵੱਲੋਂ ਐੱਫਆਈਆਰ ਦਰਜ ਨਹੀਂ ਕੀਤੇ ਜਾਣ ਦੀ ਨਿੰਦਾ ਕੀਤੀ ਹੈ। ਜ਼ਿਕਰਯੋਗ ਹੈ ਕਿ ਘੱਟ ਗਿਣਤੀ ਭਾਈਚਾਰੇ ਦੇ ਲੋਕ ਪਾਕਿਸਤਾਨ ’ਚ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਬੀਤੀ 24 ਜੂਨ ਨੂੰ ਖੈਬਰ ਪਖਤੂਨਖਵਾ ਸੂਬੇ ਦੇ ਪੇਸ਼ਾਵਰ ਸ਼ਹਿਰ ਦੇ ਯਕਾਤੂਤ ਇਲਾਕੇ ’ਚ ਹਥਿਆਰਬੰਦ ਬਾਈਕ ਸਵਾਰਾਂ ਨੇ ਸਿੱਖ ਦੁਕਾਨਦਾਰ ਮਨਮੋਹਨ ਸਿੰਘ ਦੀ ਪਿਸ਼ਾਵਰ ’ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਹ ਪਰਿਵਾਰ ਦਾ ਕਮਾਉਣ ਵਾਲਾ ਇਕਲੌਤਾ ਮੈਂਬਰ ਸੀ। ਇਸ ਤੋਂ ਇਕ ਦਿਨ ਪਹਿਲਾਂ ਪੇਸ਼ਾਵਰ ’ਚ ਇਕ ਹੋਰ ਸਿੱਖ ਤਰਲੋਕ ਸਿੰਘ ’ਤੇ ਵੀ ਹਮਲਾ ਹੋਇਆ ਸੀ। ਐੱਨਜੀਓ ਯੂਨਾਈਟਡ ਸਿੱਖ ਨੇ ਹਮਲਿਆਂ ਦੀ ਨਿਖੇਧੀ ਕਰਦੇ ਹੋਏ ਟਵੀਟ ਕੀਤਾ ਕਿ ਯੂਨਾਈਟਡ ਸਿੱਖ ਨੇ ਹਮਲਿਆਂ ਦੀ ਨਿੰਦਾ ਕਰਦੇ ਹੋਏ ਟਵੀਟ ਕੀਤਾ ਕਿ ਯੁਨਾਈਟਡ ਸਿੱਖ ਹੋਰ ਸਿੱਖ ਨੁਮਾਇੰਦਿਆਂ ਨਾਲ ਘੱਟ ਗਿਣਤੀਆਂ ਦੀ ਰੱਖਿਆ ਲਈ ਸੂਬਾਈ ਵਿਭਾਗ ਦੇ ਦਖ਼ਲ ਦੀ ਮੰਗ ਕਰਨ ਲਈ ਪਾਕਿਸਤਾਨ ਦੇ ਵਣਜ ਦੂਤਘਰ ਨਾਲ ਮੁਲਾਕਾਤ ਕਰਨਗੇ।