ਓਂਟਾਰੀਓ, 11 ਅਗਸਤ : ਕੈਨੇਡਾ ਦੇ ਓਂਟਾਰੀਓ ਸੂਬੇ ’ਚ ਸਥਿਤ ਕਾਲਜ ਵੱਲੋਂ ਸੈਸ਼ਨ ਦੀ ਸ਼ੁਰੂਆਤ ਤੋਂ ਇਕ ਮਹੀਨਾ ਪਹਿਲਾਂ ਦਾਖ਼ਲੇ ਸਬੰਧੀ ਪੱਤਰ ਰੱਦ ਕਰ ਦਿੱਤੇ ਗਏ ਹਨ। ਇਸ ਨਾਲ ਭਾਰਤੀਆਂ ਸਮੇਤ 500 ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਦਾ ਭਵਿੱਖ ਲਟਕ ਗਿਆ ਹੈ। ਨਾਮਜ਼ਦਗੀ ਪੱਤਰ ਰੱਦ ਹੋਣ ਦੀ ਸੂਚਨਾ ਮਿਲਣ ਤੋਂ ਪਹਿਲਾਂ ਹੀ ਕੁਝ ਵਿਦਿਆਰਥੀ ਕੈਨੇਡਾ ਪੁੱਜ ਚੁੱਕੇ ਸਨ ਤੇ ਕੁਝ ਨੇ ਟੋਰਾਂਟੋ ਪਹੁੰਚਣ ਲਈ ਫਲਾਈਟ ਬੁੱਕ ਕਰਵਾ ਲਈ ਸੀ। ਇਨ੍ਹਾਂ ’ਚੋਂ ਜ਼ਿਆਦਾਤਰ ਵਿਦਿਆਰਥੀ ਪੰਜਾਬ ਦੇ ਹਨ। ਕੈਨੇਡਾ ਦੇ ਓਂਟਾਰੀਓ ਦੇ ਨਾਰਦਨ ਕਾਲਜ ਤੋਂ ਕਰੀਬ 500 ਕੌਮਾਂਤਰੀ ਵਿਦਿਆਰਥੀਆਂ ਨੂੰ ਹੁਣੇ ਜਿਹੇ ਈਮੇਲ ਮਿਲੀ ਹੈ। ਇਸ ’ਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਇਸ ਸੈਸ਼ਨ ਲਈ ਉਨ੍ਹਾਂ ਦੇ ਦਾਖ਼ਲੇ ਪੱਤਰ ਰੱਦ ਕਰ ਦਿੱਤੇ ਗਏ ਹਨ। ਨਾਰਦਨ ਕਾਲਜ ਨੇ ਕਿਹਾ ਹੈ ਕਿ ਇਹ ਕਾਰਵਾਈ ਕੈਨੇਡਾ ਸਰਕਾਰ ਵੱਲੋਂ ਉਮੀਦ ਤੋਂ ਵੱਧ ਕੌਮਾਂਤਰੀ ਵਿਦਿਆਰਥੀਆਂ ਨੂੰ ਵੀਜ਼ੇ ਦਿੱਤੇ ਜਾਣ ਕਾਰਨ ਹੋਈ ਹੈ। ਵਿਦਿਆਰਥੀਆਂ ਨੂੰ ਪੈਸਾ ਵਾਪਸ ਕਰ ਦਿੱਤਾ ਜਾਵੇਗਾ ਜਾਂ ਵੱਖ-ਵੱਖ ਸਕੂਲਾਂ ’ਚ ਤਬਦੀਲ ਕਰ ਦਿੱਤਾ ਜਾਵੇਗਾ। ਲੰਘੇ ਮਈ ਮਹੀਨੇ ਸੈਂਕੜੇ ਵਿਦਿਆਰਥੀਆਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਨਾਮਜ਼ਦਗੀ ਓਂਟਾਰੀਓ ’ਚ ਸੇਂਟ ਲਾਰੈਂਸ ਕਾਲਜ ਨਾਲ ਸਬੰਧਤ ਅਲਫਾ ਕਾਲਜ ਆਫ ਬਿਜ਼ਨਸ ਐਂਡ ਟੈਕਨਾਲੋਜੀ ਵੱਲੋਂ ਇਕ ਪਾਸੜ ਮੁਅੱਤਲ ਕਰ ਦਿੱਤੀ ਗਈ ਸੀ। ਕੌਮਾਂਤਰੀ ਸਿੱਖ ਵਿਦਿਆਰਥੀ ਸੰਗਠਨ ਦੇ ਮੁਖੀ ਤੇ ਵਿਸ਼ਵ ਸਿੱਖ ਸੰਗਠਨ ਦੇ ਮੈਂਬਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਇਹ ਹਾਲਾਤ ਵੱਡੀ ਸਮੱਸਿਆ ਦਾ ਸੰਕੇਤ ਹੈ। ਪ੍ਰਣਾਲੀ ਵਿਦਿਆਰਥੀਆਂ ਦਾ ਸ਼ੋਸ਼ਣ ਕਰ ਰਹੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਕੈਨੇਡਾ ’ਚ ਆਮ ਗੱਲ ਹੈ।