ਗੁਰਪਤਵੰਤ ਸਿੰਘ ਪੰਨੂ ਦਾ ਨਵਾਂ ਵੀਡੀਓ ਆਇਆ ਸਾਹਮਣੇ, ਵੀਡੀਓ ਵਿੱਚ ਮੌਤ ਬਾਰੇ ਨਹੀਂ ਕੋਈ ਜ਼ਿਕਰ 

  • ਵੀਡੀਓ ਅਸਲ 'ਚ ਮੌਤ ਦੀ ਖ਼ਬਰ ਤੋਂ ਬਾਅਦ ਦਾ ਹੈ ਜਾਂ ਇਸ ਤੋਂ ਪਹਿਲਾਂ ਦਾ, ਇਸ ਦੀ ਪੁਸ਼ਟੀ ਨਹੀਂ ਹੋ ਸਕੀ

ਵਾਸ਼ਿੰਗਟਨ, 06 ਜੁਲਾਈ : ਖਾਲਿਸਤਾਨੀ ਸੰਗਠਨ ਸਿੱਖ ਫਾਰ ਜਸਟਿਸ (SFJ) ਦੇ ਆਗੂ ਗੁਰਪਤਵੰਤ ਸਿੰਘ ਪੰਨੂ ਦੀ ਬੁੱਧਵਾਰ ਨੂੰ ਮੌਤ ਦੀ ਖਬਰ ਆਈ ਸੀ। ਵੀਰਵਾਰ ਨੂੰ ਉਨ੍ਹਾਂ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵਿੱਚ ਉਹ ਅਮਰੀਕਾ ਵਿੱਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਬਾਹਰ ਖੜੇ ਹੋ ਕੇ ਕੈਨੇਡਾ ਵਿੱਚ ਖਾਲਿਸਤਾਨ ਰੈਫਰੈਂਡਮ ਦੀ ਗੱਲ ਕਰ ਰਹੇ ਹਨ। ਹਾਲਾਂਕਿ ਇਸ ਵੀਡੀਓ ਵਿੱਚ ਪੰਨੂ ਨੇ ਆਪਣੀ ਮੌਤ ਬਾਰੇ ਵਿੱਚ ਸਾਹਮਣੇ ਆਈ ਖਬਰ ਦਾ ਕੋਈ ਵੀ ਜ਼ਿਕਰ ਨਹੀਂ ਕੀਤਾ ਹੈ ਤੇ ਨਾ ਹੀ ਕਾਰ ਹਾਦਸੇ ਬਾਰੇ ਕੁਝ ਕਿਹਾ ਹੈ। ਅਜਿਹੇ 'ਚ ਇਹ ਵੀਡੀਓ ਵਾਕਈ ਮੌਤ ਦੀ ਖਬਰ ਤੋਂ ਬਾਅਦ ਦਾ ਹੈ ਜਾਂ ਇਸ ਤੋਂ ਪਹਿਲਾਂ ਦਾ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਵੀਡੀਓ ਤੋਂ ਬਾਅਦ ਵੀ ਪਨੂੰ ਦੇ ਜ਼ਿੰਦਾ ਜਾਂ ਮਰਨ ਨੂੰ ਲੈ ਕੇ ਕਈ ਸਾਰੇ ਸਵਾਲ ਖੜ੍ਹੇ ਹੋ ਗਏ ਹਨ। 

ਇਸ ਵੀਡੀਉ ਵਿਚ ਪੰਨੂ ਕਹਿ ਰਿਹਾ ਹੈ, “ਅੱਜ 5 ਜੁਲਾਈ ਨੂੰ ਤੁਸੀਂ ਦੇਖ ਸਕਦੇ ਹੋ ਕਿ ਮੈਂ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰ ਦੇ ਸਾਹਮਣੇ ਖੜ੍ਹਾ ਹਾਂ। ਜਿਥੇ ਇਕ ਦਿਨ ਖ਼ਾਲਿਸਤਾਨ ਦਾ ਝੰਡਾ ਲਹਿਰਾਇਆ ਜਾਵੇਗਾ। ਇਥੇ ਅਸੀਂ ਆਪਣੇ ਖ਼ਾਲਿਸਤਾਨ ਨੂੰ ਭਾਰਤ ਤੋਂ ਆਜ਼ਾਦ ਕਰਵਾਉਣ ਲਈ ਕੇਸ ਲਿਆਵਾਂਗੇ। ਸੱਭ ਤੋਂ ਪਹਿਲਾਂ 16 ਜੁਲਾਈ ਨੂੰ ਕੈਨੇਡਾ ਦੇ ਟੋਰਾਂਟੋ ਮੋਲਟਨ ਵਿਚ ਖ਼ਾਲਿਸਤਾਨ ਲਈ ਵੋਟਿੰਗ ਹੋਵੇਗੀ। ਵੈਨਕੂਵਰ 'ਚ 10 ਸਤੰਬਰ ਨੂੰ ਸ਼ਹੀਦ ਨਿੱਝਰ ਦੇ ਨਾਂ 'ਤੇ ਵੋਟਿੰਗ ਹੋਵੇਗੀ।'' ਪੰਨੂ ਨੇ ਹਰਦੀਪ ਨਿੱਝਰ ਦੇ ਕਤਲ ਲਈ ਅਮਰੀਕਾ, ਬਰਤਾਨੀਆ, ਕੈਨੇਡਾ, ਜਰਮਨੀ ਅਤੇ ਯੂਰਪ ਵਿਚ ਭਾਰਤੀ ਡਿਪਲੋਮੈਟਾਂ ਨੂੰ ਜ਼ਿੰਮੇਵਾਰ ਠਹਿਰਾਇਆ। ਪੰਨੂ ਨੇ ਕਿਹਾ ਕਿ ਅਮਰੀਕਾ ਵਿਚ ਕਿਸੇ ਤੋਂ ਕੋਈ ਡਰ ਨਹੀਂ ਹੈ। ਕੋਈ ਵੀ ਜਿਸ ਨੂੰ ਮਿਲਣਾ ਹੈ, ਮੀਟਿੰਗ ਕਰਨੀ ਹੈ, ਜਵਾਬ ਮੰਗਣਾ ਹੈ ਉਹ ਇਥੇ ਆ ਕੇ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨ ਤੋਂ ਟਵਿੱਟਰ ’ਤੇ ਉਸ ਦੀ ਮੌਤ ਦੀ ਖ਼ਬਰ ਤੇਜ਼ੀ ਨਾਲ ਟ੍ਰੈਂਡ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਸੀ ਕਿ ਉਹ ਅਮਰੀਕਾ ਵਿਚ ਇਕ ਸੜਕ ਹਾਦਸੇ ਵਿਚ ਮਾਰਿਆ ਗਿਆ, ਦਸਿਆ ਜਾਂਦਾ ਹੈ ਕਿ ਉਹ ਪਿਛਲੇ 60 ਦਿਨਾਂ ਵਿਚ 3 ਗਰਮਖਿਆਲੀਆਂ ਹਰਦੀਪ ਸਿੰਘ ਨਿੱਝਰ, ਅਵਤਾਰ ਸਿੰਘ ਖੰਡਾ ਅਤੇ ਪਰਮਜੀਤ ਸਿੰਘ ਪੰਜਵੜ ਦੇ ਮਾਰੇ ਜਾਣ ਤੋਂ ਬਾਅਦ ਅੰਡਰਗਾਉਂਡ ਸੀ। ਗੁਰਪਤਵੰਤ ਪੰਨੂੰ ਪਾਬੰਦੀਸ਼ੁਦਾ ਸੰਗਠਨ ਸਿੱਖਜ਼ ਫ਼ਾਰ ਜਸਟਿਸ ਦੇ ਬੈਨਰ ਹੇਠ ਅਮਰੀਕਾ ਤੋਂ ਖ਼ਾਲਿਸਤਾਨ ਰੈਫਰੈਂਡਮ ਮੁਹਿੰਮ ਚਲਾ ਰਿਹਾ ਸੀ। ਗੁਰਪਤਵੰਤ ਪੰਨੂੰ ਅਤੇ ਹਰਦੀਪ ਸਿੰਘ ਨਿੱਝਰ ਦੋਵੇਂ ਇਕੱਠੇ ਕੰਮ ਕਰਦੇ ਸਨ। ਪੰਨੂ ਨੇ ਆਸਟ੍ਰੇਲੀਆ ਅਤੇ ਕੈਨੇਡਾ ਵਿਚ ਖ਼ਾਲਿਸਤਾਨ ਦੇ ਸਬੰਧ ਵਿਚ ਰਾਇਸ਼ੁਮਾਰੀ ਵੀ ਕਰਵਾਈ ਹੈ। ਨਿੱਝਰ ਖ਼ਾਲਿਸਤਾਨ ਟਾਈਗਰ ਫੋਰਸ ਚਲਾਉਂਦਾ ਸੀ। ਪੰਨੂ ਅਤੇ ਨਿੱਝਰ ਨੇ 2019 ਵਿਚ ਹੱਥ ਮਿਲਾਇਆ ਅਤੇ ਅਪਣੇ ਖ਼ਾਲਿਸਤਾਨੀ ਏਜੰਡੇ ’ਤੇ ਪ੍ਰਚਾਰ ਕਰ ਰਹੇ ਸਨ।

ਮੌਤ ਦੀ ਖਬਰ 'ਤੇ ਸਵਾਲ...
ਪਨੂੰ ਵੱਲੋਂ ਜਾਰੀ ਕੀਤੀ ਗਈ ਨਵੀਂ ਵੀਡੀਓ ਵਿੱਚ ਸ਼ੁਰੂ ਵਿੱਚ ਪਨੂੰ ਕਹਿੰਦਾ ਹੈ ਕਿ ਅੱਜ ਦੀ ਤਰੀਕ 5 ਜੁਲਾਈ ਹੈ, ਪਰ ਇਸ ਵਿੱਚ ਕਿਸੇ ਸਾਲ ਦਾ ਜ਼ਿਕਰ ਨਹੀਂ ਹੈ। ਇਸ ਦੇ ਨਾਲ ਹੀ ਵੀਡੀਓ ਦੇ ਉੱਪਰ 5 ਜੁਲਾਈ 2023 ਜ਼ਰੂਰ ਲਿਖਿਆ ਗਿਆ ਹੈ। ਇਸ ਦੇ ਨਾਲ ਹੀ ਪਨੂੰ ਵੱਲੋਂ 5 ਜੁਲਾਈ ਦੀ ਤਰੀਕ ਕਹਿਣ ਅਤੇ ਫਿਰ ਆਪਣੀ ਗੱਲ ਸ਼ੁਰੂ ਕਰਨ ਵਿੱਚ ਮਾਮੂਲੀ ਫਰਕ ਹੈ, ਜਿਸ ਕਾਰਨ ਸੋਸ਼ਲ ਮੀਡੀਆ 'ਤੇ ਵੀਡੀਓ ਦੀ ਐਡੀਟਿੰਗ ਕੀਤੇ ਜਾਣ ਦੀ ਵੀ ਚਰਚਾ ਹੋ ਰਹੀ ਹੈ।

 

02