ਕੈਲੇਫੋਰਨੀਆ, 30 ਮਾਰਚ : ਅਮਰੀਕਾ ਵਿੱਚ ਫੌਜ ਦੀ ਸਿਖਲਾਈ ਦੌਰਾਨ ਦੋ ਅਤਿ-ਆਧੁਨਿਕ ਲੜਾਕੂ ਹੈਲੀਕਾਪਟਰ ਬਲੈਕ ਹਾਕ ਇੱਕ ਦੂਜੇ ਨਾਲ ਟਕਰਾਉਣ ਕਾਰਨ ਵੱਡਾ ਹਾਦਸਾ ਵਾਪਰਿਆ ਹੈ। ਇਸ ਦੁਰਘਟਨਾ ਵਿੱਚ ਕਈ 9 ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਹੈਲੀਕਾਪਟਰ ਕੈਂਟਕੀ ਵਿੱਚ ਉਡਾਣ ਭਰ ਰਹੇ ਸਨ, ਜਿਸ ਦੌਰਾਨ ਦੋਵੇਂ ਇੱਕ ਦੂਜੇ ਨਾਲ ਟਕਰਾ ਗਏ। ਬਲੈਕ ਹਾਕ ਇੱਕ ਫਰੰਟ ਲਾਈਨ ਯੂਟਿਲਿਟੀ ਹੈਲੀਕਾਪਟਰ ਹੈ ਜੋ ਅਮਰੀਕਾ ਦੁਆਰਾ ਵਿਅਤਨਾਮ ਯੁੱਧ ਤੋਂ ਬਾਅਦ ਵਿਕਸਤ ਕੀਤਾ ਗਿਆ ਸੀ। ਅਮਰੀਕਾ ਦੇ ਕਈ ਮਿੱਤਰ ਦੇਸ਼ਾਂ ਦੇ ਵਿਸ਼ੇਸ਼ ਬਲ ਦੁਨੀਆ ਭਰ ਵਿੱਚ ਅਜਿਹੇ ਹੈਲੀਕਾਪਟਰਾਂ ਦੀ ਵਰਤੋਂ ਕਰਦੇ ਹਨ। ਇਨ੍ਹਾਂ ਹੈਲੀਕਾਪਟਰਾਂ ਨੂੰ ਵਿਸ਼ੇਸ਼ ਮਿਸ਼ਨਾਂ ਨੂੰ ਅੰਜਾਮ ਦੇਣ ਲਈ ਕਾਰਗਰ ਮੰਨਿਆ ਗਿਆ ਹੈ, ਕਿਉਂਕਿ ਇਨ੍ਹਾਂ ਦੀ ਰਫ਼ਤਾਰ ਜ਼ਿਆਦਾ ਹੈ ਅਤੇ ਇਨ੍ਹਾਂ ਵਿਚ ਤਕਨੀਕੀ ਚੀਜ਼ਾਂ ਵੀ ਜ਼ਿਆਦਾ ਹਨ। ਕੈਂਟਕੀ ਦੇ ਗਵਰਨਰ ਨੇ ਵੀਰਵਾਰ ਨੂੰ ਕਿਹਾ ਕਿ ਇਹ ਹਾਦਸਾ ਸੂਬੇ ਵਿੱਚ ਇੱਕ ਰੁਟੀਨ ਸਿਖਲਾਈ ਮਿਸ਼ਨ ਦੌਰਾਨ ਬੁੱਧਵਾਰ ਦੇਰ ਰਾਤ ਵਾਪਰਿਆ। ਗਵਰਨਰ ਐਂਡੀ ਬੇਸ਼ੀਅਰ ਨੇ ਟਵਿੱਟਰ ‘ਤੇ ਇੱਕ ਪੋਸਟ ਵਿੱਚ ਕਿਹਾ, “ਸਾਨੂੰ ਫੋਰਟ ਕੈਂਪਬੈਲ ਤੋਂ ਕੁਝ ਖ਼ਬਰਾਂ ਮਿਲੀਆਂ ਹਨ।” ਹੈਲੀਕਾਪਟਰ ਕਰੈਸ਼ ਹੋਣ ਦੀ ਖ਼ਬਰ ਹੈ। ਇਸ ਦੇ ਘਾਤਕ ਸਿੱਟੇ ਨਿਕਲਣ ਦੀ ਉਮੀਦ ਹੈ। ਸਥਾਨਕ ਅਧਿਕਾਰੀ ਅਤੇ ਐਮਰਜੈਂਸੀ ਸੇਵਾਵਾਂ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।