ਕੈਨੇਡਾ : ਕੈਨੇਡਾ ਨੇ ਓਪਨ ਵਰਕ ਪਰਮਿਟ ਧਾਰਕਾਂ ਨੂੰ ਆਪਣੇ ਪਰਿਵਾਰ ਨੂੰ ਨਾਲ ਰੱਖਣ ਲਈ ਵੱਡਾ ਕਦਮ ਚੁੱਕਿਆ ਹੈ। ਕੈਨੇਡਾ ਨੇ ਐਲਾਨ ਕੀਤਾ ਹੈ ਕਿ 2023 ਤੋਂ ਅਜਿਹੇ ਪਰਮਿਟ ਧਾਰਕਾਂ ਦੇ ਜੀਵਨ ਸਾਥੀ ਵੀ ਇੱਥੇ ਕੰਮ ਕਰਨ ਦੇ ਪਾਤਰ ਹੋਣਗੇ। ਇਸ ਕਦਮ ਨਾਲ ਭਾਰਤੀਆਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਓਪਨ ਵਰਕ ਪਰਮਿਟ ਧਾਰਕਾਂ ’ਚ ਵੱਡੀ ਗਿਣਤੀ ’ਚ ਭਾਰਤੀ ਵੀ ਸ਼ਾਮਲ ਹਨ। ਓਪਨ ਵਰਕ ਪਰਮਿਟ ਵਿਦੇਸ਼ੀ ਨਾਗਰਿਕਾਂ ਨੂੰ ਕੈਨੇਡਾ ’ਚ ਕਿਸੇ ਵੀ ਮਾਲਿਕ ਲਈ ਜਾਇਜ਼ ਤਰੀਕੇ ਨਾਲ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਕੈਨੇਡਾ ਦੇ ਇਮੀਗਰੇਸ਼ਨ, ਸ਼ਰਨਾਰਥੀ ਤੇ ਨਾਗਰਿਕਤਾ ਮੰਤਰੀ ਸਿਆਨ ਫ੍ਰੇਜ਼ਰ ਨੇ ਸ਼ੁੱਕਰਵਾਰ ਨੂੰ ਕਿਹਾ, ‘ਅੱਜ ਅਸੀਂ ਇਕ ਐਲਾਨ ਕਰ ਰਹੇ ਹਾਂ, ਜਿਸ ਨਾਲ ਮਾਲਿਕਾਂ ਲਈ ਕੰਮ ਲੱਭਣਾ ਆਸਾਨ ਹੋ ਜਾਵੇਗਾ। ਕਾਮੇ ਜਦੋਂ ਤਕ ਇੱਥੇ ਹਨ ਤਦੋਂ ਤਕ ਪਰਿਵਾਰ ਨਾਲ ਰਹਿ ਸਕਣਗੇ। ਅੱਜ ਮੈਂ ਐਲਾਨ ਕਰ ਰਿਹਾ ਹਾਂ ਕਿ ਵੱਖ-ਵੱਖ ਤਰ੍ਹਾਂ ਦੇ ਆਰਜ਼ੀ ਪ੍ਰੋਗਰਾਮਾਂ ਲਈ ਆਏ ਅਰਜ਼ੀਕਾਰਾਂ ਦੇ ਜੀਵਨਸਾਥੀ ਤੇ ਉਨ੍ਹਾਂ ਦੇ ਬੱਚਿਆਂ ਲਈ ਓਪਨ ਵਰਕ ਪਰਮਿਟ ਦਾ ਵਿਸਥਾਰ ਕੀਤਾ ਜਾ ਰਿਹਾ ਹੈ।’ ਇਸ ਕਦਮ ਨਾਲ ਦੋ ਲੱਖ ਤੋਂ ਜ਼ਿਆਦਾ ਕਾਮਿਆਂ ਨੂੰ ਫਾਇਦਾ ਮਿਲੇਗਾ। ਇਨ੍ਹਾਂ ਕਾਮਿਆਂ ਨਾਲ ਉਨ੍ਹਾਂ ਦੇ ਪਰਿਵਾਰ ਵੀ ਕੈਨੇਡਾ ’ਚ ਰਹਿ ਸਕਣਗੇ। ਇੱਥੇ ਆਉਣ ਦੇ ਬਾਅਦ ਉਹ ਕੰਮ ਵੀ ਕਰ ਸਕਣਗੇ। ਨੀਤੀ ’ਚ ਨਵੇਂ ਬਦਲਾਅ ਨਾਲ ਕੈਨੇਡਾ ’ਚ ਮਜ਼ਦੂਰਾਂ ਦੀ ਕਮੀ ਦੂਰ ਹੋ ਸਕੇਗੀ। ਫ੍ਰੇਜ਼ਰ ਨੇ ਕਿਹਾ ਕਿ ਨਵੀਂ ਨੀਤੀ ਤਿੰਨ ਪੜਾਵਾਂ ’ਚ ਲਾਗੂ ਕੀਤੀ ਜਾਵੇਗੀ ਤਾਂ ਜੋ ਲੋਕ ਇੱਥੇ ਆ ਕੇ ਕੰਮ ਕਰ ਸਕਣ ਤੇ ਆਪਣੇ ਪਰਿਵਾਰ ਨਾਲ ਰਹਿ ਸਕਣ। ਪਹਿਲੇ ਪੜਾਅ ’ਚ ਜ਼ਿਆਦਾ ਤਨਖਾਹ ਲੈਣ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਹੜੇ ਆਰਜ਼ੀ ਤੌਰ ’ਤੇ ਕੰਮ ਕਰਨ ਲਈ ਆਉਣਗੇ। ਇਸਦੇ ਨਾਲ ਹੀ ਕੌਮਾਂਤਰੀ ਪਰਵਾਸ ਪ੍ਰੋਗਰਾਮ ਤੇ ਪੋਸਟ ਗ੍ਰੈਜੂਏਟ ਵਰਕ ਪ੍ਰੋਗਰਾਮ ਦੇ ਤਹਿਤ ਆਉਣ ਵਾਲਿਆਂ ਨੂੁੰ ਸ਼ਾਮਲ ਕੀਤਾ ਜਾਵੇਗਾ। ਇਸਨੂੰ ਅਗਲੇ ਸਾਲ ਦੇ ਸ਼ੁਰੂ ’ਚ ਲਾਂਚ ਕੀਤੇ ਜਾਣ ਦੇ ਸੰਭਾਵਨਾ ਹੈ। ਦੂਜੇ ਪੜਾਅ ’ਚ ਘੱਟ ਤਨਖਾਹ ਲੈਣ ਵਾਲਿਆਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਹੜੇ ਘੱਟ ਤਨਖਾਹ ਲੈਂਦੇ ਹਨ ਤੇ ਕੈਨੇਡਾ ਦੇ ਅਰਥਚਾਰੇ ’ਚ ਯੋਗਦਾਨ ਲਈ ਆਉਣਗੇ। ਇਰ ਪੜਾਅ ਨੂੰ ਸੂਬਿਆਂ ਨਾਲ ਵਿਚਾਰ ਵਟਾਂਦਰੇ ਦੇ ਬਾਅਦ ਸ਼ੁਰੂ ਕੀਤਾ ਜਾਵੇਗਾ। ਤੀਜੇ ਪੜਾਅ ’ਚ ਖੇਤੀ ਕਾਮਿਆਂ ਦੇ ਪਰਿਵਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇਸ ਬਾਰੇ ਵੀ ਸੂਬਿਆਂ ਨਾਲ ਵਿਚਾਰ ਕੀਤਾ ਜਾਵੇਗਾ।