ਇਜ਼ਰਾਇਲੀ, 18 ਦਸੰਬਰ : ਇਜ਼ਰਾਇਲੀ ਫੌਜੀਆਂ ਨੇ ਜੰਗ ਦੇ ਖੇਤਰ ’ਚ ਹਮਾਸ ਵਲੋਂ ਬੰਧਕ ਬਣਾਏ ਗਏ ਤਿੰਨ ਲੋਕਾਂ ਦਾ ਕਤਲ ਕਰਨ ਦੀ ਖ਼ਬਰ ਤੋਂ ਇਜ਼ਰਾਈਲੀ ਨਾਗਰਿਕ ਹੈਰਾਨ ਹਨ। ਬੰਧਕਾਂ ਨੇ ਚਿੱਟਾ ਝੰਡਾ ਲਹਿਰਾਇਆ ਸੀ ਅਤੇ ਹਿਬਰੂ ਭਾਸ਼ਾ ਵਿਚ ਚੀਕ ਕੇ ਕਿਹਾ ਸੀ ਕਿ ਉਨ੍ਹਾਂ ਤੋਂ ਕੋਈ ਖ਼ਤਰਾ ਨਹੀਂ ਹੈ। ਕੁਝ ਲੋਕਾਂ ਲਈ, ਇਹ ਘਟਨਾ ਜੰਗ ਦੀ ਭਿਆਨਕਤਾ ਦੀ ਇਕ ਹੈਰਾਨ ਕਰਨ ਵਾਲੀ ਉਦਾਹਰਣ ਹੈ, ਜਿੱਥੇ ਇਕ ਗੁੰਝਲਦਾਰ ਅਤੇ ਖਤਰਨਾਕ ਜੰਗ ਦੇ ਮੈਦਾਨ ’ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਪਰ ਆਲੋਚਕਾਂ ਲਈ, ਇਹ ਘਟਨਾ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਇਜ਼ਰਾਈਲੀ ਸੁਰੱਖਿਆ ਤੰਤਰ ਫਿਲਸਤੀਨੀਆਂ ਵਿਰੁਧ ਕਿੰਨਾ ਹਿੰਸਕ ਹੈ। ਇਸ ਘਟਨਾ ’ਚ ਇਜ਼ਰਾਈਲੀਆਂ ਨੇ ਅਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ’ਚ ਤਿੰਨ ਲੋਕਾਂ ਨੂੰ ਮਾਰ ਦਿਤਾ। ਇਜ਼ਰਾਈਲੀ ਮਨੁੱਖੀ ਅਧਿਕਾਰ ਸਮੂਹ ਬੀ.ਟੀ. ਸੇਲਮ ਦੇ ਨਿਰਦੇਸ਼ਕ ਰਾਏ ਯੇਲਿਨ ਨੇ ਕਿਹਾ, ‘‘ਇਹ ਇਕ ਦਰਦਨਾਕ ਘਟਨਾ ਹੈ ਪਰ ਹੈਰਾਨੀ ਵਾਲੀ ਗੱਲ ਨਹੀਂ ਹੈ। ਅਸੀਂ ਸਾਲਾਂ ਦੌਰਾਨ ਉਨ੍ਹਾਂ ਲੋਕਾਂ ਦੀਆਂ ਕਈ ਘਟਨਾਵਾਂ ਦਾ ਦਸਤਾਵੇਜ਼ ਤਿਆਰ ਕੀਤਾ ਹੈ ਜਿਨ੍ਹਾਂ ਨੇ ਸਪੱਸ਼ਟ ਤੌਰ ’ਤੇ ਆਤਮਸਮਰਪਣ ਕੀਤਾ ਪਰ ਉਸ ਤੋਂ ਬਾਅਦ ਵੀ ਉਨ੍ਹਾਂ ਨੂੰ ਗੋਲੀ ਮਾਰ ਦਿਤੀ ਗਈ ਸੀ।’’ ਯੇਲਿਨ ਨੇ ਕਿਹਾ ਕਿ ਅਜਿਹੇ ਕਤਲ ਫੌਜੀ ਨੈਤਿਕਤਾ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਸਪੱਸ਼ਟ ਉਲੰਘਣਾ ਹੈ, ਜੋ ਆਤਮ ਸਮਰਪਣ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ’ਤੇ ਗੋਲੀ ਚਲਾਉਣ ’ਤੇ ਪਾਬੰਦੀ ਲਗਾਉਂਦੀ ਹੈ, ਚਾਹੇ ਉਹ ਲੜਾਕੇ ਹੋਣ ਜਾਂ ਨਾ ਹੋਣ। ਉਨ੍ਹਾਂ ਕਿਹਾ ਕਿ ਇਹ ਵੱਡੇ ਪੱਧਰ ’ਤੇ ਬਹੁਤ ਜ਼ਿਆਦਾ ਬਲ ਦੇ ਪ੍ਰਯੋਗ ਦੇ ਲੰਬੇ ਰੁਝਾਨ ਦਾ ਹਿੱਸਾ ਹੈ, ਜਿਸ ਵਿਚ ਇਜ਼ਰਾਈਲੀ ਖੁਦ ਹਾਲ ਹੀ ਦੇ ਦਿਨਾਂ ਵਿਚ ਫਸ ਗਏ ਹਨ।’’ ਇਕ ਫੌਜੀ ਅਧਿਕਾਰੀ ਨੇ ਦੱਸਿਆ ਕਿ 20 ਤੋਂ 30 ਸਾਲ ਦੀ ਉਮਰ ਦੇ ਤਿੰਨ ਬੰਧਕ ਗਾਜ਼ਾ ਸਿਟੀ ਦੀ ਇਕ ਇਮਾਰਤ ਤੋਂ ਬਾਹਰ ਆਏ, ਜਿੱਥੇ ਇਜ਼ਰਾਈਲੀ ਫੌਜੀ ਹਮਾਸ ਦੇ ਲੜਾਕਿਆਂ ਨਾਲ ਲੜ ਰਹੇ ਹਨ। ਅਧਿਕਾਰੀ ਨੇ ਦਸਿਆ ਕਿ ਤਿੰਨਾਂ ਵਿਅਕਤੀਆਂ ਨੇ ਚਿੱਟਾ ਝੰਡਾ ਲਹਿਰਾਇਆ ਅਤੇ ਇਹ ਸੰਕੇਤ ਦੇਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਉਨ੍ਹਾਂ ਨੂੰ ਕੋਈ ਖਤਰਾ ਨਹੀਂ ਹੈ। ਪਰ ਉਨ੍ਹਾਂ ’ਚੋਂ ਦੋ ਤੁਰਤ ਮਾਰੇ ਗਏ ਅਤੇ ਤੀਜਾ ਵਿਅਕਤੀ ਮਦਦ ਲਈ ਹਿਬਰੂ ਭਾਸ਼ਾ ਵਿਚ ਚੀਕਦੇ ਹੋਏ ਇਮਾਰਤ ਵਿਚ ਵਾਪਸ ਭੱਜ ਗਿਆ। ਉਨ੍ਹਾਂ ਕਿਹਾ ਕਿ ਕਮਾਂਡਰ ਨੇ ਗੋਲੀਬਾਰੀ ਰੋਕਣ ਦਾ ਹੁਕਮ ਜਾਰੀ ਕੀਤਾ ਪਰ ਇਕ ਹੋਰ ਗੋਲੀਬਾਰੀ ਵਿਚ ਤੀਜਾ ਵਿਅਕਤੀ ਵੀ ਮਾਰਿਆ ਗਿਆ। ਫੌਜ ਮੁਖੀ ਲੈਫਟੀਨੈਂਟ ਕਰਨਲ ਹਰਜ਼ੀ ਹਲੇਵੀ ਨੇ ਕਿਹਾ ਕਿ ਬੰਧਕਾਂ ਨੇ ਇਹ ਸਪੱਸ਼ਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ ਹੈ। ਉਨ੍ਹਾਂ ਕਿਹਾ ਕਿ ਬੰਧਕਾਂ ਨੂੰ ਗੋਲੀ ਚਲਾਉਣਾ ਨਿਯਮਾਂ ਦੇ ਵਿਰੁਧ ਹੈ ਅਤੇ ਚਿੱਟਾ ਝੰਡਾ ਲਹਿਰਾਉਣ ਵਾਲੇ ਅਤੇ ਆਤਮ ਸਮਰਪਣ ਕਰਨ ਦੀ ਇੱਛਾ ਰੱਖਣ ਵਾਲੇ ਕਿਸੇ ਵੀ ਵਿਅਕਤੀ ’ਤੇ ਗੋਲੀ ਚਲਾਉਣ ਦੀ ਮਨਾਹੀ ਹੈ। ਉਨ੍ਹਾਂ ਕਿਹਾ ਕਿ ਗੋਲੀਬਾਰੀ ਯੁੱਧ ਦੌਰਾਨ ਅਤੇ ਦਬਾਅ ਹੇਠ ਕੀਤੀ ਗਈ ਸੀ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ਨਿਚਰਵਾਰ ਨੂੰ ਕਿਹਾ, ‘‘ਇਨ੍ਹਾਂ ਕਤਲਾਂ ਨੇ ਮੇਰਾ ਦਿਲ ਤੋੜ ਦਿਤਾ, ਪੂਰੇ ਦੇਸ਼ ਦਾ ਦਿਲ ਤੋੜ ਦਿਤਾ।’’ ਪਰ ਉਨ੍ਹਾਂ ਨੇ ਇਜ਼ਰਾਈਲ ਦੀ ਫੌਜੀ ਮੁਹਿੰਮ ’ਚ ਕੋਈ ਤਬਦੀਲੀ ਨਾ ਹੋਣ ਦਾ ਸੰਕੇਤ ਦਿਤਾ। ਇਜ਼ਰਾਈਲ ਦਾ ਕਹਿਣਾ ਹੈ ਕਿ ਹਮਾਸ ਵਲੋਂ ਬੰਧਕ ਬਣਾਏ ਗਏ ਬਹੁਤ ਸਾਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਰ ਇਨ੍ਹਾਂ ਤਿੰਨਾਂ ਬੰਧਕਾਂ ਦੀ ਮੌਤ ਨੇ ਗੁੱਸਾ ਪੈਦਾ ਕਰ ਦਿਤਾ ਹੈ ਕਿਉਂਕਿ ਉਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੈਨਿਕਾਂ ਨੇ ਉਨ੍ਹਾਂ ਨੂੰ ਮਾਰ ਦਿਤਾ।
ਇਜ਼ਰਾਈਲ ’ਤੇ ਜੰਗਬੰਦੀ ਲਈ ਦਬਾਅ ਵਧਿਆ
ਇਜ਼ਰਾਈਲ ਦੇ ਨੇੜਲੇ ਸਹਿਯੋਗੀਆਂ ਨੇ ਐਤਵਾਰ ਨੂੰ ਇਜ਼ਰਾਈਲ ਸਰਕਾਰ ’ਤੇ ਦਬਾਅ ਪਾਇਆ ਕਿ ਉਹ ਗਲਤੀ ਨਾਲ ਤਿੰਨ ਇਜ਼ਰਾਇਲੀ ਬੰਧਕਾਂ ਨੂੰ ਮਾਰਨ ਅਤੇ ਲਗਾਤਾਰ ਗੋਲੀਬਾਰੀ ਕਰਨ ਤੋਂ ਬਾਅਦ ਹੀ ਜੰਗਬੰਦੀ ਦਾ ਐਲਾਨ ਕਰੇ। ਇਜ਼ਰਾਈਲੀ ਪ੍ਰਦਰਸ਼ਨਕਾਰੀ ਅਪਣੀ ਸਰਕਾਰ ਨੂੰ ਗਾਜ਼ਾ ਦੇ ਹਮਾਸ ਸ਼ਾਸਕਾਂ ਨਾਲ ਨਵੇਂ ਸਿਰੇ ਤੋਂ ਗੱਲਬਾਤ ਕਰਨ ਦੀ ਅਪੀਲ ਕਰ ਰਹੇ ਹਨ। ਇਜ਼ਰਾਈਲ ਨੇ ਹਮਾਸ ਨੂੰ ਤਬਾਹ ਕਰਨ ਦੀ ਸਹੁੰ ਖਾਧੀ ਹੈ। ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਦੀ ਯਾਤਰਾ ਦੇ ਮੱਦੇਨਜ਼ਰ ਇਜ਼ਰਾਈਲ ’ਤੇ ਅਪਣੇ ਲੜਾਕੂ ਮਿਸ਼ਨ ਨੂੰ ਘਟਾਉਣ ਦਾ ਦਬਾਅ ਵੀ ਵਧਣ ਦੀ ਉਮੀਦ ਹੈ। ਅਮਰੀਕਾ ਨੇ ਯੁੱਧ ਵਿਚ ਨਾਗਰਿਕਾਂ ਦੇ ਮਾਰੇ ਜਾਣ ’ਤੇ ਅਸੰਤੁਸ਼ਟੀ ਜ਼ਾਹਰ ਕੀਤੀ ਹੈ, ਪਰ ਉਹ ਅਜੇ ਵੀ ਇਜ਼ਰਾਈਲ ਨੂੰ ਫੌਜੀ ਅਤੇ ਕੂਟਨੀਤਕ ਸਹਾਇਤਾ ਪ੍ਰਦਾਨ ਕਰਦਾ ਹੈ। ਯੁੱਧ ਨੇ ਉੱਤਰੀ ਗਾਜ਼ਾ ਦੇ ਵੱਡੇ ਹਿੱਸਿਆਂ ਨੂੰ ਤਬਾਹ ਕਰ ਦਿਤਾ ਹੈ, ਹਜ਼ਾਰਾਂ ਲੋਕ ਮਾਰੇ ਗਏ ਹਨ ਅਤੇ ਜ਼ਿਆਦਾਤਰ ਦਖਣ ਵੱਲ ਭੱਜ ਗਏ ਹਨ। ਗਾਜ਼ਾ ਦੀ ਲਗਭਗ 90 ਫ਼ੀ ਸਦੀ ਆਬਾਦੀ ਅਪਣੇ ਘਰ ਛੱਡ ਕੇ ਭੱਜ ਗਈ ਹੈ। ਉਹ ਦੂਜੇ ਦੇਸ਼ਾਂ ਤੋਂ ਮਦਦ ’ਤੇ ਨਿਰਭਰ ਹਨ। ਇਜ਼ਰਾਈਲ ਨੇ ਕਿਹਾ ਕਿ ਐਤਵਾਰ ਨੂੰ ਪਹਿਲੀ ਵਾਰ 79 ਟਰੱਕ ਸਹਾਇਤਾ ਸਮੱਗਰੀ ਲੈ ਕੇ ਇਜ਼ਰਾਈਲ ਤੋਂ ਸਿੱਧੇ ਗਾਜ਼ਾ ਪਹੁੰਚੇ। ਸਹਾਇਤਾ ਕਰਮਚਾਰੀਆਂ ਨੇ ਕਿਹਾ ਕਿ ਇਹ ਅਜੇ ਵੀ ਬਹੁਤ ਘੱਟ ਹੈ।