ਇਜ਼ਰਾਇਲ, 18 ਅਕਤੂਬਰ : ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 10 ਦਿਨਾਂ ਤੋਂ ਜੰਗ ਚੱਲ ਰਹੀ ਹੈ। ਇਹ ਜੰਗ ਹੋਰ ਵੀ ਹਮਲਾਵਰ ਹੋ ਗਈ ਹੈ। ਇਸ ਦੌਰਾਨ ਇਜ਼ਰਾਇਲੀ ਫੌਜ ਨੇ ਗਾਜ਼ਾ ਦੇ ਇੱਕ ਹਸਪਤਾਲ ‘ਤੇ ਹਵਾਈ ਹਮਲਾ ਕੀਤਾ ਹੈ, ਜਿਸ ‘ਚ 500 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲ ਰਹੀ ਹੈ। ਹਮਾਸ ਨੇ ਇਸ ਹਮਲੇ ਨੂੰ ਇਜ਼ਰਾਈਲ ਵੱਲੋਂ ਕੀਤਾ ਗਿਆ ਨਸਲਕੁਸ਼ੀ ਦੱਸਿਆ ਹੈ। ਹਾਲਾਂਕਿ ਇਜ਼ਰਾਈਲ ਨੇ ਇਸ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ ਇਹ ਹਾਦਸਾ ਹਮਾਸ ਦੇ ਰਾਕੇਟ ਦੇ ਗਲਤ ਫਾਇਰ ਕਾਰਨ ਹੋਇਆ ਹੈ। ਉਧਰ ਹਮਾਸ ਨੇ ਦਾਅਵਾ ਕੀਤਾ ਹੈ ਕਿ ਇਹ ਹਮਲਾ ਇਜ਼ਰਾਈਲੀ ਫੌਜ ਨੇ ਮੱਧ ਗਾਜ਼ਾ ਦੇ ਅਲ ਅਹਲੀ ਹਸਪਤਾਲ ‘ਤੇ ਕੀਤਾ। ਇਸ ਹਸਪਤਾਲ ਨੂੰ ਗਾਜ਼ਾ ਪੱਟੀ ਦਾ ਆਖਰੀ ਈਸਾਈ ਹਸਪਤਾਲ ਦੱਸਿਆ ਜਾ ਰਿਹਾ ਹੈ। ਗਾਜ਼ਾ ਦੇ ਸਿਹਤ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਇਜ਼ਰਾਇਲੀ ਫੌਜ ਨੇ ਦੇਰ ਸ਼ਾਮ ਅਲ ਅਹਲੀ ਅਬਰੀ ਬੈਪਟਿਸਟ ਹਸਪਤਾਲ ‘ਤੇ ਹਵਾਈ ਹਮਲਾ ਕੀਤਾ, ਜਿਸ ‘ਚ 500 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।
ਗਾਜ਼ਾ ਦੇ ਇਕ ਹਸਪਤਾਲ ਵਿਚ ਘਾਤਕ ਧਮਾਕਾ 'ਕਿਸੇ ਹੋਰ ਟੀਮ' ਨੇ ਕੀਤਾ ਸੀ ਨਾ ਕਿ ਇਜ਼ਰਾਈਲੀ ਫੌਜ ਨੇ : ਰਾਸ਼ਟਰਪਤੀ ਜੋਅ ਬਾਈਡਨ
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਉਨ੍ਹਾਂ ਨੇ ਜੋ ਦੇਖਿਆ, ਉਸ ਦੇ ਆਧਾਰ 'ਤੇ ਅਜਿਹਾ ਲੱਗਦਾ ਹੈ ਕਿ ਗਾਜ਼ਾ ਦੇ ਇਕ ਹਸਪਤਾਲ ਵਿਚ ਘਾਤਕ ਧਮਾਕਾ 'ਕਿਸੇ ਹੋਰ ਟੀਮ' ਨੇ ਕੀਤਾ ਸੀ ਨਾ ਕਿ ਇਜ਼ਰਾਈਲੀ ਫੌਜ ਨੇ। ਉਨ੍ਹਾਂ ਨੇ ਧਮਾਕੇ ਲਈ ਫਲਸਤੀਨੀ ਅਤਿਵਾਦੀ ਸਮੂਹ ‘ਇਸਲਾਮਿਕ ਜੇਹਾਦ’ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਇਜ਼ਰਾਈਲ ਦੀ ਸਥਿਤੀ ਨੂੰ ਸਵੀਕਾਰ ਕੀਤਾ। ਬਾਈਡਨ ਨੇ ਤੇਲ ਅਵੀਵ ਪਹੁੰਚਣ ਦੇ ਤੁਰੰਤ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ। ਉਹ ਹਮਾਸ ਨਾਲ ਚੱਲ ਰਹੇ ਸੰਘਰਸ਼ ਦੌਰਾਨ ਇਕਜੁੱਟਤਾ ਦਿਖਾਉਣ ਲਈ ਇਜ਼ਰਾਈਲ ਪਹੁੰਚੇ ਸਨ। ਉਨ੍ਹਾਂ ਕਿਹਾ, “ਮੈਂ ਗਾਜ਼ਾ ਦੇ ਇਕ ਹਸਪਤਾਲ ਵਿਚ ਕੱਲ੍ਹ ਹੋਏ ਧਮਾਕੇ ਤੋਂ ਦੁਖੀ ਹਾਂ। ਮੈਂ ਜੋ ਦੇਖਿਆ ਹੈ, ਉਸ ਦੇ ਆਧਾਰ 'ਤੇ ਅਜਿਹਾ ਲੱਗਦਾ ਹੈ ਕਿ ਕਿਸੇ ਹੋਰ ਟੀਮ ਨੇ ਇਹ ਕੀਤਾ ਹੈ, ਤੁਸੀਂ ਨਹੀਂ”। ਬਾਈਡਨ ਨੇ ਕਿਹਾ ਕਿ ਬਹੁਤ ਸਾਰੇ ਲੋਕ ਹਨ ਜੋ ਯਕੀਨੀ ਤੌਰ 'ਤੇ ਨਹੀਂ ਜਾਣਦੇ ਕਿ ਗਾਜ਼ਾ ਦੇ ਬੈਪਟਿਸਟ ਹਸਪਤਾਲ ਵਿਚ ਧਮਾਕਾ ਕਿਸ ਨੇ ਕੀਤਾ। ਹਸਪਤਾਲ 'ਚ ਹੋਏ ਧਮਾਕੇ 'ਚ ਸੈਂਕੜੇ ਲੋਕ ਮਾਰੇ ਗਏ ਹਨ, ਜਿਸ ਲਈ ਹਮਾਸ ਅਤੇ ਇਜ਼ਰਾਈਲ ਦੋਵਾਂ ਨੇ ਇਕ-ਦੂਜੇ 'ਤੇ ਦੋਸ਼ ਲਗਾਏ ਹਨ। ਇਜ਼ਰਾਈਲ ਨੇ ਦਾਅਵਾ ਕੀਤਾ ਹੈ ਕਿ 'ਇਸਲਾਮਿਕ ਜੇਹਾਦ' ਵਲੋਂ ਦਾਗਿਆ ਗਿਆ ਰਾਕੇਟ ਗਲਤ ਦਿਸ਼ਾ 'ਚ ਗਿਆ ਅਤੇ ਇਹ ਘਟਨਾ ਵਾਪਰੀ। ਹਾਲਾਂਕਿ ਸੰਗਠਨ ਨੇ ਇਸ ਦਾਅਵੇ ਨੂੰ ਖਾਰਜ ਕਰ ਦਿਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਕਿਹਾ, ''ਹਮਾਸ ਸਾਰੇ ਫਲਸਤੀਨੀ ਲੋਕਾਂ ਦੀ ਨੁਮਾਇੰਦਗੀ ਨਹੀਂ ਕਰਦਾ ਹੈ ਅਤੇ ਉਸ ਨੇ ਉਨ੍ਹਾਂ ਨੂੰ ਦੁੱਖ ਪਹੁੰਚਾਇਆ ਹੈ।'' ਉਨ੍ਹਾਂ ਨੇ ਇਜ਼ਰਾਈਲ ਲਈ ਸਮਰਥਨ ਜ਼ਾਹਰ ਕੀਤਾ ਅਤੇ ਕਿਹਾ ਕਿ ਅਮਰੀਕਾ ਇਹ ਯਕੀਨੀ ਬਣਾਏਗਾ ਕਿ ਇਜ਼ਰਾਈਲ ਨੂੰ ਅਪਣੇ ਬਚਾਅ ਲਈ ਜੋ ਲੋੜ ਹੈ, ਉਸ ਦੇ ਕੋਲ ਹੋਵੇ। ਨੇਤਨਯਾਹੂ ਨੇ ਇਜ਼ਰਾਈਲ ਆਉਣ ਅਤੇ ਸਮਰਥਨ ਦਿਖਾਉਣ ਲਈ ਬਾਈਡਨ ਦਾ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਹਮਾਸ ਦੇ ਅਪਰਾਧਾਂ ਵਿਚ ਬਲਾਤਕਾਰ, ਅਗਵਾ, ਛੋਟੇ ਬੱਚਿਆਂ ਨੂੰ ਨਿਸ਼ਾਨਾ ਬਣਾਉਣਾ ਅਤੇ ਅੱਗਜ਼ਨੀ ਸ਼ਾਮਲ ਹਨ।