ਵਾਸ਼ਿੰਗਟਨ, 11 ਅਗਸਤ : ਵਾਸ਼ਿੰਗਟਨ ਸਥਿਤ ਭਾਰਤੀ ਸਫ਼ਾਰਤਖ਼ਾਨੇ ਨੇ ਨਿਊਯਾਰਕ ਸੂਬੇ ਦੇ ਇਕ ਸਿੱਖ ਮੁਲਾਜ਼ਮ ਨੂੰ ਦਾੜ੍ਹੀ ਰੱਖਣ ਤੋਂ ਰੋਕੇ ਜਾਣ ਦਾ ਮੁੱਦਾ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਸਾਹਮਣੇ ਚੁਕਿਆ ਹੈ। ਅਮਰੀਕੀ ਸੰਸਦ ਮੈਂਬਰ ਨੇ ਇਸ ਘਟਨਾ ’ਤੇ ਚਿੰਤਾ ਪ੍ਰਗਟ ਕੀਤੀ ਹੈ ਅਤੇ ਇਸ ਨੂੰ ‘ਧਾਰਮਕ ਵਿਤਕਰਾ’ ਕਰਾਰ ਦਿਤਾ ਹੈ। ਨਿਊਯਾਰਕ ਸੂਬੇ ਦੇ ਮੁਲਾਜ਼ਮ ਚਰਨਜੋਤ ਟਿਵਾਣਾ ਨੇ ਪਿਛਲੇ ਸਾਲ ਮਾਰਚ ’ਚ ਅਪਣੇ ਵਿਆਹ ਲਈ ਦਾੜ੍ਹੀ ਵਧਾਉਣ ਦੀ ਇਜਾਜ਼ਤ ਮੰਗੀ ਸੀ। ਹਾਲਾਂਕਿ, ਉਨ੍ਹਾਂ ਦੀ ਅਪੀਲ ਇਸ ਆਧਾਰ ’ਤੇ ਨਾਮਨਜ਼ੂਰ ਕਰ ਦਿਤੀ ਗਈ ਸੀ ਕਿ ਗੈਸ ਮਾਸਕ ਪਾਉਣ ਦੀ ਜ਼ਰੂਰਤ ਪੈਣ ’ਤੇ ਦਾੜ੍ਹੀ ਰੱਖਣ ਨਾਲ ਸੁਰੱਖਿਆ ਜੋਖਮ ਪੈਦਾ ਹੋ ਸਕਦੇ ਹਨ। ਇੱਥੇ ਭਾਰਤੀ ਅਧਿਕਾਰੀਆਂ ਨੇ ਇਸ ਮੁੱਦੇ ਨੂੰ ਨਿਊਯਾਰਕ ਸੂਬੇ ਦੇ ਗਵਰਨਰ ਦੇ ਦਫ਼ਤਰ ਨਾਲ ਚੁਕਿਆ ਜਦਕਿ ਅਮਰੀਕਾ ’ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਇਸ ਮਾਮਲੇ ਨੂੰ ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਪੱਧਰ ਨਾਲ ਚੁਕਿਆ ਹੈ। ਅਧਿਕਾਰੀਆਂ ਨੇ ਇਥੇ ਦਸਿਆ ਕਿ ਨਿਊਯਾਰਕ ਸੂਬਾ ਪੁਲਿਸ ਅਤੇ ਗਵਰਨਰ ਦਫ਼ਤਰ ਵੀ ਇਸ ਮੁੱਦੇ ਨੂੰ ਵੇਖ ਰਹੇ ਹਨ। ਨਿਊਯਾਰਕ ਸਟੇਟ ਅਸੈਂਬਲੀ ਦੇ ਕੁਈਨਜ਼ ਦੀ ਪ੍ਰਤੀਨਿਧਗੀ ਕਰਨ ਵਾਲੇ ਅਸੈਂਬਲੀਮੈਨ ਡੇਵਿਡ ਵੇਪ੍ਰਿਨ ਨੇ ਨਿਊਯਾਰਕ ਸੂਬਾਈ ਪੁਲਿਸ ’ਚ ਟਿਵਾਣਾ ਦੇ ਦਾੜ੍ਹੀ ਵਧਾਉਣ ਦੀ ਅਪੀਲ ਨੂੰ ਨਾ-ਮਨਜ਼ੂਰ ਕਰਨ ਨੂੰ ‘ਧਾਰਮਕ ਵਿਤਕਰੇ ਦੀ ਇਕ ਚਿੰਤਾਜਨਕ ਘਟਨਾ’ ਦਸਿਆ। ਸਿੱਖਾਂ ਦੀ ਸਿਖਰਲੀ ਧਾਰਮਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਸੰਧੂ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੂੰ ਚਿੱਠੀ ਲਿਖ ਕੇ ਸਿੱਖ ਮੁਲਾਜ਼ਮ ਦਾ ਮੁੱਦਾ ਚੁੱਕਣ ਦੀ ਅਪੀਲ ਕੀਤੀ ਸੀ।