ਵਾਸ਼ਿੰਗਟਨ, 07 ਸਤੰਬਰ : ਭਾਰਤ ਸਣੇ ਹਰੇਕ ਦੇਸ਼ ਨੂੰ ਤੇਲ ਦੀ ਖ਼ਰੀਦਦਾਰੀ ਕਿੱਥੋ ਕਰਨੀ ਹੈ ਇਹ ਫ਼ੈਸਲਾ ਕਰਨ ਦਾ ਹੱਕ ਹੈ। ਵ੍ਹਾਈਟ ਹਾਊਸ ਦੇ ਅਧਿਕਾਰੀ ਜੌਨ ਕਿਰਬੀ ਨੇ ਬੁੱਧਵਾਰ ਨੂੰ ਇਹ ਗੱਲ ਕਹੀ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਕੀ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਗੱਲਬਾਤ ਵਿਚ ਰੂਸ ਤੋਂ ਤੇਲ ਖ਼ਰੀਦ ਦਾ ਮੁੱਦਾ ਵੀ ਸ਼ਾਮਲ ਹੋਵੇਗਾ। ਕੌਮੀ ਸੁਰੱਖਿਆ ਕਮੇਟੀ ਦੇ ਰਣਨੀਤਿਕ ਸੰਚਾਰ ਕੰਟਰੋਲਰ ਕਿਰਬੀ ਨੇ ਕਿਹਾ ਕਿ ਸਾਰੇ ਦੇਸ਼ਾਂ ਨੂੰ ਖ਼ੁਦ ਆਪਣਾ ਫ਼ੈਸਲਾ ਲੈਣਾ ਹੋਵੇਗਾ। ਅਸੀਂ ਆਪਣੇ ਸਹਿਯੋਗੀਆਂ ਨਾਲ ਰੂਸ ਨਾਲ ਆਰਥਿਕ ਸਬੰਧਾਂ ਅਤੇ ਵਪਾਰ ਨੂੰ ਲੈ ਕੇ ਪੂਰੀ ਤਰ੍ਹਾਂ ਸਾਫ਼ ਹਾਂ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਦੋਵਾਂ ਦੇਸ਼ਾਂ ਦੇ ਨੇਤਾ ਹਿੰਦ-ਪ੍ਰਸ਼ਾਂਤ ਖੇਤਰ ਵਿਚ ਸੁਰੱਖਿਆ, ਆਰਥਿਕ ਅਤੇ ਰਣਨੀਤਕ ਚੁਣੌਤੀਆਂ ਨੂੰ ਲੈ ਕੇ ਗੱਲ ਕਰਨਗੇ। ਰਾਸ਼ਟਰਪਤੀ ਜੋਅ ਬਾਇਡਨ ਦੀ ਭਾਰਤ ਯਾਤਰਾ ਤੋਂ ਪਹਿਲਾਂ ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਭਾਰਤ ਦੀ ਮੇਜ਼ਬਾਨੀ ਵਿਚ ਜੀ-20 ਸੰਮੇਲਨ ਨੂੰ ਸਫਲ ਬਣਾਉਣ ਲਈ ਅਮਰੀਕਾ ਪ੍ਰਤੀਬੱਧ ਹੈ। ਸ਼ੁੱਕਰਵਾਰ ਨੂੰ ਬਾਇਡਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਣ ਵਾਲੀ ਦੁਵੱਲੀ ਵਾਰਤਾ ਵਿਚ ਭਾਗ ਲੈਣਗੇ। ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਜੀ-20 ਦੀ ਅਗਵਾਈ ਲਈ ਪ੍ਰਸ਼ੰਸਾ ਕਰਦੇ ਹਾਂ ਤੇ ਅਸੀਂ ਇਸ ਨੂੰ ਸਫ਼ਲ ਬਣਾਉਣ ਲਈ ਪ੍ਰਤੀਬੱਧ ਹਾਂ।