ਸਿੰਧ, 16 ਜੁਲਾਈ : ਪਾਕਿਸਤਾਨ ਦੇ ਸਿੰਧ ਸੂਬੇ ਦੇ ਕਸ਼ਮੋਰ ਵਿਚ ਡਾਕੂਆਂ ਦੇ ਇਕ ਗਿਰੋਹ ਨੇ ਕਥਿਤ ਤੌਰ 'ਤੇ ਇੱਕ "ਰਾਕੇਟ ਲਾਂਚਰ" ਨਾਲ ਇਕ ਹਿੰਦੂ ਮੰਦਰ 'ਤੇ ਹਮਲਾ ਕੀਤਾ। ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਬੰਦ ਡਾਕੂਆਂ ਨੇ ਔਰਤਾਂ ਅਤੇ ਬੱਚਿਆਂ ਸਮੇਤ ਹਿੰਦੂ ਭਾਈਚਾਰੇ ਦੇ ਕਰੀਬ 30 ਲੋਕਾਂ ਨੂੰ ਵੀ ਬੰਧਕ ਬਣਾ ਲਿਆ ਪ੍ਰਾਪਤ ਜਾਣਕਾਰੀ ਅਨੁਸਾਰ ਹਮਲਾਵਰਾਂ ਨੇ ਗੌਸਪੁਰ ਥਾਣੇ ਦੀ ਹਦੂਦ ਅੰਦਰ ਇਕ ਧਾਰਮਿਕ ਸਥਾਨ ਅਤੇ ਆਸਪਾਸ ਦੇ ਭਾਈਚਾਰੇ ਦੇ ਘਰਾਂ 'ਤੇ ਹਮਲਾ ਕਰ ਦਿਤਾ। ਉਨ੍ਹਾਂ ਨੇ ਅੰਨ੍ਹੇਵਾਹ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਕਸ਼ਮੋਰ-ਕੰਧਕੋਟ ਦੇ ਐਸਐਸਪੀ ਇਰਫਾਨ ਸੰਮੋ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਹੈ। ਖਬਰ ਮੁਤਾਬਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਡਾਕੂਆਂ ਨੇ ਪੂਜਾ ਸਥਾਨ 'ਤੇ ''ਰਾਕੇਟ ਲਾਂਚਰ'' ਦਾਗੇ, ਜੋ ਹਮਲੇ ਦੌਰਾਨ ਬੰਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਇਹ ਹਰ ਸਾਲ ਬਾਗੜੀ ਭਾਈਚਾਰੇ ਵਲੋਂ ਕੀਤੀਆਂ ਜਾਂਦੀਆਂ ਧਾਰਮਿਕ ਸੇਵਾਵਾਂ ਲਈ ਖੁੱਲ੍ਹਦਾ ਹੈ। ਹਮਲੇ ਤੋਂ ਬਾਅਦ ਸ਼ੱਕੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵਲੋਂ ਇਲਾਕੇ ਵਿਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ। ਐਸਐਸਪੀ ਸੰਮੋ ਨੇ ਅੰਦਾਜ਼ਾ ਲਗਾਇਆ ਕਿ ਅੱਠ ਤੋਂ ਨੌਂ ਬੰਦੂਕਧਾਰੀ ਸਨ। ਇਸ ਦੌਰਾਨ ਬਾਗੜੀ ਭਾਈਚਾਰੇ ਦੇ ਮੈਂਬਰ ਡਾ. ਸੁਰੇਸ਼ ਨੇ ਕਿਹਾ ਕਿ ਡਾਕੂਆਂ ਵਲੋਂ ਦਾਗੇ ਗਏ "ਰਾਕੇਟ ਲਾਂਚਰ" ਫਟਣ ਵਿਚ ਅਸਫਲ ਰਹੇ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਪੁਲਿਸ ਨੂੰ ਭਾਈਚਾਰੇ ਦੀ ਸੁਰੱਖਿਆ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਇਸ ਘਟਨਾ ਨੇ ਇਲਾਕਾ ਵਾਸੀਆਂ ਨੂੰ ਦਹਿਸ਼ਤ ਵਿਚ ਪਾ ਦਿਤਾ ਹੈ।