ਕਰਤਾਰਪੁਰ, 10 ਸਤੰਬਰ : ਕਰਤਾਰਪੁਰ ਲਾਂਘੇ ਦੇ ਉਦਘਾਟਨ ਦੀ ਚੌਥੀ ਵਰ੍ਹੇਗੰਢ ਤੋਂ ਪਹਿਲਾਂ ਪਾਕਿਸਤਾਨ ਦੀ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ (ਪੀਐਮਯੂ) ਭਾਰਤੀ ਸ਼ਰਧਾਲੂਆਂ ਨੂੰ ਤੋਹਫ਼ਾ ਦੇਣ ਦੀ ਤਿਆਰੀ ਕਰ ਰਹੀ ਹੈ। ਪੀਐਮਯੂ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਰਾਤ ਭਰ ਰਹਿਣ ਦੀ ਇਜਾਜ਼ਤ ਦੇਣ ਜਾਂ ਉਨ੍ਹਾਂ ਦੇ ਠਹਿਰਨ ਦੀ ਮਿਆਦ ਨੂੰ ਸੋਧਣ ਦੀ ਯੋਜਨਾ ਬਣਾ ਰਿਹਾ ਹੈ। ਇਸ ਤਜਵੀਜ਼ ਮੁਤਾਬਕ ਸ਼ਰਧਾਲੂਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ਵਿਖੇ ‘ਅੰਮ੍ਰਿਤ ਵੇਲਾ’ (ਸਵੇਰ) ਅਤੇ ਸੰਧਿਆ (ਸ਼ਾਮ) ਦੀਆਂ ਅਰਦਾਸਾਂ ਜਾਂ ਇਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਪ੍ਰਾਰਥਨਾ ਸਭਾ ਵਿੱਚ ਹਾਜ਼ਰ ਹੋਣ ਦੀ ਯੋਜਨਾ ਬਣਾਈ ਜਾ ਰਹੀ ਹੈ। ਪੀਐਮਯੂ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਮੁਹੰਮਦ ਅਬੂ ਬਕਰ ਆਫਤਾਬ ਕੁਰੈਸ਼ੀ ਦੇ ਮੁਤਾਬਕ ਜ਼ਿਆਦਾਤਰ ਸ਼ਰਧਾਲੂਆਂ ਨੇ ਇਸ ਵਿਚਾਰ ‘ਤੇ ਆਪਣੀ ਅਸੰਤੁਸ਼ਟੀ ਜ਼ਾਹਰ ਕੀਤੀ ਹੈ। ਫਿਲਹਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਆਉਣ ਵਾਲੇ ਭਾਰਤੀ ਸ਼ਰਧਾਲੂ ਸਮੇਂ ਦੀ ਪਾਬੰਦੀ ਕਾਰਨ ਸਵੇਰ ਜਾਂ ਸ਼ਾਮ ਦੀ ਅਰਦਾਸ ਵਿਚ ਸ਼ਾਮਲ ਨਹੀਂ ਹੋ ਸਕਦੇ ਹਨ। ਪੀਐਮਯੂ ਨੇ ਰਸਮੀ ਤੌਰ ‘ਤੇ ਪਾਕਿਸਤਾਨ ਸਰਕਾਰ ਨੂੰ ਪ੍ਰਸਤਾਵ ਸੌਂਪ ਦਿੱਤਾ ਹੈ। ਜਿਸ ਵਿੱਚ ਭਾਰਤੀ ਸ਼ਰਧਾਲੂਆਂ ਨੂੰ ਰਾਤ ਨੂੰ ਠਹਿਰਨ ਦੀ ਇਜਾਜ਼ਤ ਦੇਣ ਜਾਂ ਤੀਰਥ ਯਾਤਰਾ ਪ੍ਰੋਗਰਾਮ ਵਿੱਚ ਬਦਲਾਅ ਕਰਨ ਬਾਰੇ ਵਿਚਾਰ ਕਰਨ ਦੀ ਅਪੀਲ ਕੀਤੀ ਗਈ ਹੈ। ਜਿਸ ਤੋਂ ਬਾਅਦ ਭਾਰਤੀ ਸ਼ਰਧਾਲੂ ਸਵੇਰ ਅਤੇ ਸ਼ਾਮ ਦੀ ਅਰਦਾਸ ਜਾਂ ਇਨ੍ਹਾਂ ਵਿੱਚੋਂ ਘੱਟੋ-ਘੱਟ ਇੱਕ ਅਰਦਾਸ ਵਿੱਚ ਹਿੱਸਾ ਲੈ ਸਕਣਗੇ। ਹੁਣ ਤੱਕ, ਪੰਜਾਬ, ਭਾਰਤ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਤੋਂ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਈ ਇੱਕ ਦਿਨ ਦੀ ਯਾਤਰਾ ਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੈ। ਇਸ ਦੇ ਨਾਲ ਹੀ 9 ਨਵੰਬਰ ਨੂੰ ਇਸ ਕਾਰੀਡੋਰ ਦੇ ਉਦਘਾਟਨ ਨੂੰ 4 ਸਾਲ ਪੂਰੇ ਹੋ ਜਾਣਗੇ। ਪਾਕਿਸਤਾਨ ਸਰਕਾਰ ਦੋਵਾਂ ਦੇਸ਼ਾਂ ਵਿਚਾਲੇ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਹੋਏ ਸਮਝੌਤੇ ‘ਚ ਜ਼ਰੂਰੀ ਬਦਲਾਅ ਕਰਨ ਲਈ ਆਪਣੇ ਭਾਰਤੀ ਹਮਰੁਤਬਾ ਨਾਲ ਇਹ ਮੁੱਦਾ ਉਠਾਏਗੀ। ਜੇ ਦੋਵਾਂ ਸਰਕਾਰਾਂ ਵਿੱਚ ਸਮਝੌਤਾ ਹੋ ਜਾਂਦਾ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਭਾਰਤੀ ਸ਼ਰਧਾਲੂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਠਹਿਰ ਸਕਣਗੇ ਜਾਂ ਇੱਕ ਵਾਰ ਦੀ ਆਰਤੀ ਦਾ ਹਿੱਸਾ ਬਣ ਸਕਣਗੇ। ਸ੍ਰੀ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਨੇੜੇ ਬਣਨ ਵਾਲੇ ਥੀਮ ਪਾਰਕ ਨੂੰ ਤਿੰਨ ਪੜਾਵਾਂ ਵਿੱਚ ਵਿਕਸਤ ਕੀਤਾ ਜਾਵੇਗਾ। ਸ਼ੁਰੂਆਤੀ ਪੜਾਅ ਵਿੱਚ ਰੈਸਟੋਰੈਂਟ, ਝੀਲ, ਟਰੈਕ ਅਤੇ ਰੇਲ ਗੱਡੀਆਂ ਆਦਿ ਸਹੂਲਤਾਂ ਹੋਣਗੀਆਂ। ਦੂਜਾ ਪੜਾਅ ਅਗਲੇ ਸਾਲ ਦੇ ਅੱਧ ਤੱਕ ਸ਼ੁਰੂ ਹੋਵੇਗਾ। ਜਿਸ ਵਿੱਚ ਵਿਰਾਸਤੀ ਪਿੰਡ ਬਣਾਉਣ ਵੱਲ ਧਿਆਨ ਦਿੱਤਾ ਜਾਵੇਗਾ। ਇਹ ਦੋਵੇਂ ਪੜਾਅ ਪੂਰੇ ਹੋਣ ਤੋਂ ਬਾਅਦ ਆਖਰੀ ਪੜਾਅ ਸ਼ੁਰੂ ਹੋ ਜਾਵੇਗਾ, ਪਰ ਭਾਰਤੀ ਸ਼ਰਧਾਲੂ ਫਿਲਹਾਲ ਉੱਥੇ ਨਹੀਂ ਜਾ ਸਕਣਗੇ।