ਵਾਸ਼ਿੰਗਟਨ, 05 ਜੂਨ : ਅਮਰੀਕਾ 'ਚ ਰਾਹੁਲ ਗਾਂਧੀ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਆਪਣੇ ਅਮਰੀਕਾ ਦੌਰੇ ਦੌਰਾਨ ਭਾਜਪਾ ਅਤੇ ਆਰਐਸਐਸ 'ਤੇ ਤਿੱਖੇ ਹਮਲੇ ਕਰ ਰਹੇ ਹਨ। ਇਸ ਦੌਰਾਨ ਰਾਹੁਲ ਗਾਂਧੀ ਦਾ ਨਿਊਯਾਰਕ ਜਾਣ ਤੋਂ ਪਹਿਲਾਂ ਵਿਰੋਧ ਵੀ ਹੋਇਆ ਹੈ। ਦਰਅਸਲ ਰਾਹੁਲ ਗਾਂਧੀ ਨੇ ਅੱਜ ਭਾਰਤੀ-ਅਮਰੀਕੀ ਡਾਇਸਪੋਰਾ ਨੂੰ ਸੰਬੋਧਨ ਕਰਨਾ ਸੀ ਅਤੇ ਇਸ ਤੋਂ ਪਹਿਲਾਂ ਕੁਝ ਖਾਲਿਸਤਾਨ ਸਮਰਥਕਾਂ ਨੇ ਉਨ੍ਹਾਂ ਦਾ ਵਿਰੋਧ ਕੀਤਾ। ਰਾਹੁਲ ਗਾਂਧੀ ਦੇ ਸੰਬੋਧਨ ਤੋਂ ਪਹਿਲਾਂ ਹੀ ਨਿਊਯਾਰਕ ਵਿੱਚ ਖਾਲਿਸਤਾਨ ਸਮਰਥਕਾਂ ਦੇ ਇੱਕ ਸਮੂਹ ਨੇ ਰਾਹੁਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ‘ਗੋ ਬੈਕ’ ਦੇ ਨਾਅਰੇ ਵੀ ਲਾਏ ਗਏ। ਪ੍ਰਦਰਸ਼ਨਕਾਰੀ ਲੋਕਾਂ ਨੇ ਹੱਥਾਂ ਵਿੱਚ ਖਾਲਿਸਤਾਨੀ ਝੰਡੇ ਵੀ ਚੁੱਕੇ ਹੋਏ ਸਨ। ਵਿਰੋਧ ਦੇ ਦੂਜੇ ਪਾਸੇ ਪ੍ਰਵਾਸੀ ਭਾਰਤੀਆਂ ਨੇ ਰਾਹੁਲ ਦਾ ਵੱਖਰੇ ਤਰੀਕੇ ਨਾਲ ਸਵਾਗਤ ਕੀਤਾ। ਬੱਚਿਆਂ ਸਮੇਤ ਹੋਰ ਹਾਜ਼ਰ ਲੋਕਾਂ ਨੇ ਤਿਰੰਗਾ ਫੜ ਕੇ ਆਪਣਾ ਉਤਸ਼ਾਹ ਦਿਖਾਇਆ ਅਤੇ ਰਾਹੁਲ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ। ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਰਾਹੁਲ ਗਾਂਧੀ ਨੇ ਬੀਜੇਪੀ ਅਤੇ ਆਰਐਸਐਸ ਉੱਤੇ ਹਮਲਾ ਬੋਲਿਆ। ਕਾਂਗਰਸ ਆਗੂ ਨੇ ਕਿਹਾ ਕਿ ਅੱਜ ਭਾਰਤ ਵਿੱਚ ਦੋ ਵਿਚਾਰਧਾਰਾਵਾਂ ਹਨ, ਇੱਕ ਕਾਂਗਰਸ ਜੋ ਮਹਾਤਮਾ ਗਾਂਧੀ ਦੇ ਦਰਸਾਏ ਮਾਰਗ 'ਤੇ ਚੱਲਦੀ ਹੈ ਅਤੇ ਦੂਜੀ ਭਾਜਪਾ-ਆਰਐਸਐਸ ਦੀ ਜੋ ਨੱਥੂਰਾਮ ਗੋਡਸੇ ਦੇ ਵਿਚਾਰਾਂ 'ਤੇ ਚੱਲਦੀ ਹੈ।