- ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਨਿਊ ਜਰਸੀ ਵਿਖੇ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ 23 ਜੁਲਾਈ ਨੂੰ
ਨਿਊਯਾਰਕ, 21 ਜੁਲਾਈ : ਗੱਤਕਾ ਖੇਡ ਦੀ ਚੋਟੀ ਦੀ ਸੰਸਥਾ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਸ਼੍ਰੀ ਗੁਰੂ ਸਿੰਘ ਗੁਰਦੁਆਰਾ ਸਾਹਿਬ, ਗਲੈਨ ਰੌਕ, ਨਿਊ ਜਰਸੀ, ਅਮਰੀਕਾ ਵਿਖੇ ਪਹਿਲਾ ਅੰਤਰਰਾਸ਼ਟਰੀ ਗੱਤਕਾ ਸੈਮੀਨਾਰ 23 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਗੱਤਕਾ ਫੈਡਰੇਸ਼ਨ ਯੂਐਸਏ ਦੇ ਸਹਿਯੋਗ ਨਾਲ ਬਾਬਾ ਮੱਖਣ ਸ਼ਾਹ ਲੁਭਾਣਾ ਸਿੱਖ ਸੈਂਟਰ, ਸਾਊਥ ਰਿਚਮੰਡ ਹਿੱਲ, ਨਿਊਯਾਰਕ ਵਿਖੇ ਰੈਫ਼ਰੀਆਂ ਅਤੇ ਕੋਚਾਂ ਲਈ 22 ਜੁਲਾਈ ਨੂੰ ਗੱਤਕਾ ਰਿਫਰੈਸ਼ਰ ਕੋਰਸ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਜਨਰਲ ਸਕੱਤਰ ਡਾ. ਦੀਪ ਸਿੰਘ ਅਤੇ ਗੱਤਕਾ ਫੈਡਰੇਸ਼ਨ ਯੂਐਸਏ ਦੇ ਪ੍ਰਧਾਨ ਦਲੇਰ ਸਿੰਘ ਨੇ ਦੱਸਿਆ ਕਿ ਇਹ ਗੱਤਕਾ ਸੈਮੀਨਾਰ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਕੌਂਸਲ ਅਤੇ ਗੱਤਕਾ ਫੈਡਰੇਸ਼ਨ ਯੂਐਸਏ ਦੀ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦਾ ਵਿਸ਼ਾ ਗੱਤਕਾ ਖੇਡ ਸਵੈ-ਰੱਖਿਆ ਲਈ, ਮਹਿਲਾ ਸਸ਼ਕਤੀਕਰਨ ਖਾਤਰ ਅਤੇ ਨਸ਼ਿਆਂ ਦੀ ਦੁਰਵਰਤੋਂ ਵਿਰੁੱਧ ਕਿਵੇਂ ਲਾਭਕਾਰੀ ਹੈ। ਉਨ੍ਹਾਂ ਦੱਸਿਆ ਕਿ ਗੁਰਦੁਆਰਾ ਗਲੈਨ ਰੌਕ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਹੋ ਰਹੇ ਇਸ ਸੈਮੀਨਾਰ ਦੌਰਾਨ ਗੱਤਕਾ ਮਾਹਿਰ ਸਵੇਰੇ 10.30 ਵਜੇ ਤੋਂ ਦੁਪਹਿਰ 12.30 ਵਜੇ ਤੱਕ ਵੱਖ ਵੱਖ ਵਿਸ਼ਿਆਂ ਉੱਤੇ ਗੱਤਕੇ ਦੀ ਭੂਮਿਕਾ ਬਾਰੇ ਚਾਨਣਾ ਪਾਉਣਗੇ। ਉਨ੍ਹਾਂ ਸਮੂਹ ਗੱਤਕਾ ਖਿਡਾਰੀਆਂ ਅਤੇ ਸੰਗਤਾਂ ਨੂੰ ਦੋਹਾਂ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਹੈ।