ਫਲੋਰੀਡਾ, 31 ਅਗਸਤ : ਅਮਰੀਕਾ ਵਿਚ ਇਡਾਲੀਆ ਚੱਕਰਵਾਤ ਦਾ ਕਹਿਰ ਜਾਰੀ ਹੈ। ਬੁਧਵਾਰ ਨੂੰ ਫਲੋਰੀਡਾ ਦੇ ਬਿਗ ਬੈਂਡ ਵਿਚ ਤੂਫਾਨ ਦੇ ਚਲਦਿਆਂ 2 ਲੋਕਾਂ ਦੀ ਮੌਤ ਹੋ ਗਈ। ਇਹ ਤੂਫਾਨ ਫਲੋਰੀਡਾ ਤੋਂ ਬਾਅਦ ਜਾਰਜੀਆ, ਨੋਰਥ ਕੈਰੋਲੀਨਾ ਅਤੇ ਸਾਊਥ ਕੈਰੋਲੀਨਾ ਵੱਲ ਵਧ ਚੁੱਕਿਆ ਹੈ। ਇਸ ਦੇ ਚਲਦਿਆਂ ਜਾਰਜੀਆ ਅਤੇ ਫਲੋਰੀਡਾ ਵਿਚ ਕਰੀਬ ਸਾਢੇ 4 ਲੱਖ ਲੋਕਾਂ ਦੇ ਘਰਾਂ ਵਿਚ ਬਿਜਲੀ ਨਹੀਂ ਹੈ। ਇਡਾਲੀਆ ਤੂਫਾਨ ਕਾਰਨ ਲਗਭਗ 900 ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ। ਲੈਂਡਫਾਲ ਦੇ ਸਮੇਂ, ਚੱਕਰਵਾਤ ਸ਼੍ਰੇਣੀ 4 ਤੋਂ ਸ਼੍ਰੇਣੀ 3 ਵਿਚ ਚਲਾ ਗਿਆ ਸੀ। ਇਸ ਕਾਰਨ ਹਵਾ ਦੀ ਰਫ਼ਤਾਰ 200 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਡਾਲੀਆ ਫਲੋਰੀਡਾ ਦੇ 100 ਸਾਲਾਂ ਦੇ ਇਤਿਹਾਸ ਦਾ ਸੱਭ ਤੋਂ ਭਿਆਨਕ ਤੂਫਾਨ ਹੈ। ਤੂਫਾਨ ਦੇ ਮੱਦੇਨਜ਼ਰ ਚਾਰੇ ਸੂਬਿਆਂ ਵਿਚ ਐਮਰਜੈਂਸੀ ਲਾਗੂ ਕਰ ਦਿਤੀ ਗਈ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਚੱਕਰਵਾਤ ਕਾਰਨ ਕਈ ਪਾਵਰਲਾਈਨਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ, ਤੇਜ਼ ਹਵਾਵਾਂ ਨੇ ਕਈ ਕਾਉਂਟੀਆਂ ਵਿਚ ਸਟੋਰਾਂ ਨੂੰ ਤਬਾਹ ਕਰ ਦਿਤਾ ਅਤੇ ਕੁੱਝ ਵਪਾਰਕ ਬਸਤੀਆਂ ਵਿਚ ਅੱਗ ਲੱਗ ਗਈ। ਬੁਧਵਾਰ ਨੂੰ ਲੈਂਡਫਾਲ ਤੋਂ ਪਹਿਲਾਂ, ਫਲੋਰੀਡਾ ਦੀਆਂ 30 ਕਾਉਂਟੀਆਂ ਦੇ ਲੋਕਾਂ ਨੂੰ ਅਪਣੇ ਘਰ ਛੱਡਣ ਦੀ ਅਪੀਲ ਕੀਤੀ ਗਈ ਸੀ। ਰਾਹਤ ਅਤੇ ਬਚਾਅ ਕਾਰਜਾਂ ਲਈ ਕਰੀਬ 55,000 ਸੈਨਿਕ ਤਾਇਨਾਤ ਕੀਤੇ ਗਏ ਹਨ। ਗਵਰਨਰ ਡੀਸੈਂਟਿਸ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਦਾ ਧਿਆਨ ਰਾਹਤ ਕਾਰਜਾਂ 'ਤੇ ਹੈ। ਸੂਬੇ 'ਚ ਤੂਫਾਨ ਕਾਰਨ ਹੋਈ ਤਬਾਹੀ ਦੀ ਹੱਦ ਦਾ ਅਜੇ ਤਕ ਪੂਰਾ ਮੁਲਾਂਕਣ ਨਹੀਂ ਕੀਤਾ ਜਾ ਸਕਿਆ ਹੈ। ਮੀਡੀਆ ਰੀਪੋਰਟ ਮੁਤਾਬਕ ਬਿਗ ਬੈਂਡ ਵਿਚ ਇਸ ਤੋਂ ਪਹਿਲਾਂ 1896 ਵਿਚ ਅਜਿਹਾ ਵੱਡਾ ਤੂਫਾਨ ਵੱਡਾ ਸੀਡਰ ਕੀਜ਼ ਆਇਆ ਸੀ, ਜਿਸ 'ਚ 70 ਲੋਕਾਂ ਦੀ ਮੌਤ ਹੋ ਗਈ ਸੀ। ਇਹ ਬਹੁਤ ਸ਼ਕਤੀਸ਼ਾਲੀ ਅਤੇ ਵਿਨਾਸ਼ਕਾਰੀ ਤੂਫ਼ਾਨ ਸੀ। ਬਿਗ ਬੈਂਡ ਦੇ ਸਥਾਨਕ ਮੇਅਰ ਨੇ ਕਿਹਾ ਹੈ ਕਿ ਉਨ੍ਹਾਂ ਦਾ ਪ੍ਰਵਾਰ ਕਈ ਪੀੜ੍ਹੀਆਂ ਤੋਂ ਇਥੇ ਰਹਿੰਦਾ ਹੈ, ਪਰ ਉਨ੍ਹਾਂ ਨੇ ਇਥੇ ਕਦੇ ਵੀ ਇੰਨਾ ਭਿਆਨਕ ਤੂਫਾਨ ਨਹੀਂ ਦੇਖਿਆ।